sangrami lehar

ਜਨਵਾਦੀ ਇਸਤਰੀ ਸਭਾ ਪੰਜਾਬ ਨੇ ਰੋਸ ਮੁਜ਼ਾਹਰਾ ਕੀਤਾ

  • 02/07/2018
  • 06:29 PM

ਅੰਮ੍ਰਿਤਸਰ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਬਾਲੜੀਆਂ ਤੇ ਔਰਤਾਂ ਖ਼ਿਲਾਫ਼ ਵਧ ਰਹੇ ਜਬਰ ਤੇ ਜਿਨਸੀ ਸ਼ੋਸ਼ਣ ਨੂੰ ਨੱਥ ਪਾਉਣ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਔਰਤਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੈਂਕੜੇ ਕਾਰਕੁਨਾਂ ਨੇ ਅੱਜ ਆਪਣੇ ਗ਼ੁੱਸੇ ਤੇ ਰੋਹ ਦਾ ਪ੍ਰਗਟਾਵਾ ਕਰਦਿਆਂ ਅੱਤ ਦੀ ਗਰਮੀ ਤੇ ਹੁੱਮਸ ਵਿੱਚ ਸੜਕਾਂ 'ਤੇ ਉੱਤਰ ਕੇ ਰੇਲਵੇ ਸਟੇਸ਼ਨ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਮਾਰਚ ਕੀਤਾ। ਇਸ ਰੋਸ ਮਾਰਚ 'ਚ ਸ਼ਾਮਲ ਔਰਤਾਂ ਨੇ ਆਪਣੀ ਜਥੇਬੰਦੀ ਦੇ ਝੰਡੇ ਅਤੇ ਮੰਗਾਂ ਦੇ ਮਾਟੋ ਫੜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਔਰਤ ਵਰਗ ਨਾਲ ਕੀਤੀ ਜਾ ਰਹੀ ਘੋਰ ਬੇਇਨਸਾਫ਼ੀ ਵਿਰੁੱਧ ਕੇਂਦਰ ਮੋਦੀ ਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਰੋਸ ਮਾਰਚ ਦੀ ਅਗਵਾਈ ਇਸਤਰੀ ਸਭਾ ਦੀਆਂ ਪ੍ਰਮੁੱਖ ਆਗੂਆਂ ਬੀਬੀ ਧੰਨੋ ਅੰਮ੍ਰਿਤਸਰ, ਸਰਬਜੀਤ ਕੌਰ ਜਸਰਾਊਰ ਤੇ ਗੁਰਿੰਦਰ ਕੌਰ ਦਾਊਦ ਨੇ ਕੀਤੀ। ਰੋਸ ਮਾਰਚ ਦੇ ਅੰਤ ਤੇ ਡੀਸੀ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਤੇ ਮੁਜ਼ਾਹਰਾ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੀਨੀਅਰ ਆਗੂ ਕੰਵਲਜੀਤ ਕੌਰ ਨੇ ਕਿਹਾ ਕਿ ਨਬਾਲਗ ਬੱਚੀਆਂ ਤੇ ਔਰਤਾਂ ਖ਼ਿਲਾਫ਼ ਦਰਿੰਦਗੀ ਭਰਿਆ ਜਬਰ ਅੱਜ ਅਸਮਾਨ ਛੋਹ ਰਿਹਾ ਹੈ।ਮੰਦਸੋਰ ਦੀ ਸੱਤ ਸਾਲਾ ਬੱਚੀ ਨਾਲ ਨਿਰਭਯਾ ਵਰਗੀ ਦਰਿੰਦਗੀ ਭਰੀ ਘਟਨਾ ਕਾਰਨ ਸਮੁੱਚਾ ਦੇਸ਼, ਮਨੁੱਖਤਾ ਵਲੂੰਧਰੀ ਗਈ ਹੈ।।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਕੋਈ ਪੜ੍ਹਦੀ ਬੱਚੀ ਤੇ ਸ਼ਰੀਫ਼ ਔਰਤ ਸ਼ਾਮ ਵੇਲੇ ਘਰੋਂ ਬਾਹਰ ਜਾਣ ਤੇ ਆਉਣ ਤੋਂ ਡਰਦੀਆਂ ਹਨ। ਥਾਂ-ਥਾਂ ਦਰਿੰਦੇ-ਗੈਂਗਸਟਰ ਬੇਖ਼ੌਫ ਗੁੰਮ ਰਹੇ ਹਨ। ਬੀਬੀ ਕੰਵਲਜੀਤ ਕੌਰ ਨੇ ਅੱਗੇ ਦੱਸਿਆ ਕਿ ਔਰਤਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਪ੍ਰਤੀ ਕੈਪਟਨ ਸਰਕਾਰ ਚੁੱਪ ਧਾਰੀ ਬੈਠੀ ਹੈ ,ਚੋਣਾਂ ਸਮੇਂ ਜੋ ਵਾਅਦੇ ਕੀਤੇ ਗਏ ਸਨ ਕਿ ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀ ਪੈਨਸ਼ਨ ਤਿੰਨ ਹਜ਼ਾਰ ਰੁਪਏ ਮਹੀਨਾ, ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਦਿੱਤੀ ਜਾਵੇਗੀ ਪਰ ਇਹ ਵਾਅਦੇ ਵਫ਼ਾ ਨਹੀਂ ਹੋਏ,।ਉਲਟਾ ਬਹੁਤ ਸਾਰੇ ਗ਼ਰੀਬਾਂ ਲੋੜਵੰਦਾਂ ਦੀਆਂ ਪੈਨਸ਼ਨਾਂ ਕੱਟ ਦਿੱਤੀਆਂ ਹਨ ਅਤੇ ਆਟਾ ਦਾਲ ਸਕੀਮ ਦਾ ਬੁਰਾ ਹਾਲ ਹੈ।  ਜਿਸ ਕਾਰਨ ਔਰਤਾਂ ਵਿੱਚ ਡਾਢਾ ਗ਼ੁੱਸਾ ਪਾਇਆ ਜਾ ਰਿਹਾ ਹੈ, ਅਜਿਹੀ ਅਵਸਥਾ 'ਚ ਉਨ੍ਹਾਂ ਔਰਤਾਂ ਨੂੰ ਸੱਦਾ ਦਿੱਤਾ ਕੇ ਉਹ ਆਪਣੇ ਹੱਕਾਂ ਤੇ ਹਿਫ਼ਾਜ਼ਤ ਲਈ ਅੱਗੇ ਆਉਣ।
ਇਸ ਮੌਕੇ ਡਾ. ਕੰਵਲਜੀਤ ਕੌਰ ਧਨੋਆ ਨੇ ਔਰਤਾਂ ਦੇ ਦੁੱਖ ਸਾਂਝੇ ਕਰਦਿਆਂ ਕਿਹਾ ਕਿ ਹੁਣ ਸਮਾਂ ਸੋਚਣ ਦਾ ਨਹੀਂ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਵੱਡੀ ਲਾਮਬੰਦੀ ਕਰਕੇ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਦੀ ਜੜ ਸਰਮਾਏਦਾਰੀ-ਜਾਗੀਰੂ ਪ੍ਰਬੰਧ ਦੀ ਰਾਜਨੀਤੀ ਨੂੰ ਸਮਝਦੇ ਹੋਏ ਔਰਤਾਂ ਦੀ ਬੰਦ ਖ਼ਲਾਸੀ ਲਈ ਔਰਤਾਂ, ਮਰਦ ਤੇ ਨੌਜਵਾਨ ਇਕੱਠੇ ਕੇ ਇਸ ਖ਼ਿਲਾਫ਼ ਆਉਣ। ਇਸ ਮੌਕੇ ਹੋਰਨਾ ਤੋਂ ਇਲਾਵਾ ਇਸਤਰੀ ਸਭਾ ਦੀ ਆਗੂਆਂ ਅਜੀਤ ਕੌਰ ਕੋਟ ਰਜਾਦਾ, ਬਲਵਿੰਦਰ ਕੌਰ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਔਰਤਾਂ ਨੂੰ ਸੰਘਰਸ਼ ਚ ਕੁੱਦਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੀ.ਟੀ.ਯੂ.ਆਗੂ ਸਾਥੀ ਜਗਤਾਰ ਸਿੰਘ ਕਰਮਪੁਰਾ ਨੇ ਵੀ ਭਰਾਤਰੀ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਤੇ ਲੋੜਵੰਦ ਔਰਤਾਂ ਲਈ 10-10 ਮਰਲੇ ਦੇ ਪਲਾਟਾਂ ਦੀ ਮੰਗ ਦੁਹਰਾਈ। ਰਾਜਨੀਤਿਕ ਮਾਹਿਰ ਤੇ ਸਮਾਜ ਸੇਵਕ ਰਤਨ ਸਿੰਘ ਰੰਧਾਵਾ ਅਤੇ ਖੇਤੀ ਵਿਗਿਆਨੀ ਡਾ. ਸਤਨਾਮ ਸਿੰਘ ਅਜਨਾਲਾ ਨੇ ਇਕੱਠ 'ਚ ਬੋਲਦਿਆਂ ਕਿਹਾ ਕਿ ਸਮਾਜਕ ਪਰਿਵਰਤਨ ਵਿੱਚ ਸਮੇਂ-ਸਮੇਂ ਔਰਤ ਵਰਗ ਦਾ ਵੱਡਾ ਹਿੱਸਾ ਰਿਹਾ ਹੈ ਅਤੇ ਜਦ ਵੀ ਇਸ 'ਤੇ ਸਮਾਜਕ ਜਬਰ ਤੇ ਅਨਿਆਂ ਹੋਇਆ ਹੈ, ਉਸ ਵੇਲੇ ਔਰਤਾਂ ਨੇ ਮਰਦਾਂ ਨਾਲ ਖਲੋ ਕੇ ਜੁਰਮ ਦਾ ਟਾਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਔਰਤਾਂ ਦੀ ਲੜਾਕੂ ਜਥੇਬੰਦੀ ਜਨਵਾਦੀ ਇਸਤਰੀ ਸਭਾ, ਸੰਘਰਸ਼ ਦੇ ਮੈਦਾਨ ਵਿੱਚ ਉੱਤਰੀ ਹੈ ਜਿਸ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇਗਾ। ਰੋਸ ਧਰਨਾ ਤੇ ਮੁਜ਼ਾਹਰਾ ਉਦੋਂ ਖ਼ਤਮ ਹੋਇਆ ਜਦੋਂ ਡੀਸੀ ਨੇ ਮੰਗ ਪੱਤਰ ਹਾਸਲ ਕੀਤਾ।