sangrami lehar

ਦੋ ਕਮਿਊਨਿਸਟ ਪਾਰਟੀਆਂ ਵਲੋਂ ਨਸ਼ਿਆਂ ਵਿਰੁੱਧ ਜਨਤਕ ਮੁਹਿਮ ਚਲਾਉਣ ਦਾ ਐਲਾਨ 11 ਜੁਲਾਈ ਨੂੰ ਜ਼ਿਲ੍ਹਾ ਕੇਂਦਰਾਂ 'ਤੇ ਹੋਣਗੇ ਮੁਜ਼ਾਹਰੇ

  • 02/07/2018
  • 06:07 PM

ਜਲੰਧਰ : ਪੰਜਾਬ ਦੀਆਂ ਦੋ ਕਮਿਊਨਿਸਟ ਪਾਰਟੀਆਂ; ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨੇ ਸੂਬੇ ਅੰਦਰ ਨਸ਼ਿਆਂ ਦੇ ਵੱਧ ਰਹੇ ਪਸਾਰੇ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਮਾਜਕ ਕੋਹੜ ਵਿਰੁੱਧ ਜਨਤਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।

ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਰਾਜਵਿੰਦਰ ਸਿੰਘ ਰਾਣਾ ਨੇ ਇੱਥੇ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਹੈ ਕਿ ਨਸ਼ਿਆਂ ਦੇ ਛੇਵੇਂ ਦਰਿਆ 'ਚ ਪੰਜਾਬ ਦੀ ਜਵਾਨੀ ਦੇ ਹੋ ਰਹੇ ਘਾਣ ਲਈ ਨਸ਼ਿਆਂ ਦੇ ਸੌਦਾਗਰਾਂ, ਪੁਲਸ ਤੇ ਸਿਆਸਤਦਾਨਾਂ ਦੀ ਤਿੱਕੜੀ ਦਾ ਗਠਜੋੜ ਜ਼ਿੰਮੇਵਾਰ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਹੈ ਕਿ ਗੁਰਦਾਸਪੁਰ, ਹੁਸ਼ਿਆਰਪੁਰ ਤੇ ਸੁਲਤਾਨਪੁਰ ਲੋਧੀ ਦੀਆਂ ਘਟਨਾਵਾਂ ਅਤੇ ਮੁੱਖ ਮੰਤਰੀ ਕੈਪਅਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਦੋਸ਼ਾਂ ਕਾਰਨ ਇਕ ਡੀ ਐਸ.ਪੀ. ਬਲਬੀਰ ਸਿੰਘ ਦੀ ਕੀਤੀ ਮੁਅਤਲੀ ਨੇ ਇਹਨਾਂ ਮੁਜ਼ਰਮਾਂ ਦੇ ਇਸ ਗਠਜੋੜ ਦੇ ਕੁਕਰਮਾਂ ਦੀ ਪ੍ਰੋੜਤਾ ਹੀ ਕੀਤੀ ਹੈ।
ਦੋਹਾਂ ਕਮਿਊਨਿਸਟ ਪਾਰਟੀਆਂ ਨੇ ਕਿਹਾ ਹੈ ਕਿ ਜਿੱਥੇ ਪਹਿਲਾਂ ਬਾਦਲ ਸਰਕਾਰ ਵੇਲੇ ਅਕਾਲੀ ਆਗੂਆਂ ਦੀ ਨੰਗੀ ਚਿੱਟੀ ਸਰਪ੍ਰਸਤੀ ਹੇਠ ਚਿੱਟਾ (ਨਸ਼ਾ) ਵਿਕਦਾ ਸੀ, ਉਥੇ ਹੁਣ ਕਾਂਗਰਸੀ ਆਗੂਆਂ ਦੀ ਛੱਤਰ ਛਾਇਆ ਹੇਠ ਪੰਜਾਬ ਦੇ ਭਵਿੱਖ 'ਤੇ ਕਾਲਖ ਫੇਰੀ ਜਾ ਰਹੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ 'ਚ ਫੜ੍ਹ ਕੇ ਚੋਣਾਂ ਵੇਲੇ ਸਹੁੰ ਖਾਧੀ ਸੀ ਕਿ ਉਹ ਸੱਤਾ ਵਿਚ ਆਉਣ 'ਤੇ ਚਾਰ ਹਫਤਿਆਂ ਵਿਚ ਨਸ਼ੇ ਦਾ ਕਾਰੋਬਾਰ ਠੱਪ ਕਰਕੇ ਰੱਖ ਦੇਣਗੇ। ਸੱਤਾ ਵਿਚ ਆਉਂਦਿਆਂ ਹੀ ਉਨ੍ਹਾਂ ਆਪਣੀ ਸਹੁੰ ਭੁਲਾ ਦਿੱਤੀ ਤੇ ਪੰਜਾਬ ਦੇ ਜਵਾਨ ਨਿੱਤ ਦਿਨ ਨਸ਼ਿਆਂ ਕਾਰਨ ਪਹਿਲਾਂ ਨਾਲੋਂ ਵੀ ਵੱਧ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣਾ ਵਾਅਦਾ ਪੂਰਾ ਨਾ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ। ਕੈਪਟਨ ਸਰਕਾਰ ਦੀ ਦਿਆਨਤਕਾਰੀ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਇਸ ਮੁੱਦੇ 'ਤੇ ਜਸਟਿਸ ਚਟੋਪਾਧਿਆਏ ਕਮਿਸ਼ਨ ਤੇ ਜਸਟਿਸ ਸਿੱਧੂ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਦੋਹਾਂ ਕਮਿਸ਼ਨਾਂ ਵਲੋਂ ਕੀਤੀਆਂ ਸਿਫਾਰਿਸ਼ਾਂ ਨੂੰ ਜੱਗਜਾਹਰ ਕੀਤਾ ਜਾਵੇ ਤਾਂ ਕਿ ਸੱਚ ਲੋਕਾਂ ਸਾਹਮਣੇ ਆ ਸਕੇ।
ਆਗੂਆਂ ਨੇ ਕਿਹਾ ਕਿ ਦੋਹਾਂ ਕਮਿਊਨਿਸਟ ਪਾਰਟੀਆਂ ਦੀ ਰਾਇ ਹੈ ਕਿ ਇਸ ਸਮਾਜਕ ਕੋਹੜ ਦੇ ਖਾਤਮੇਂ ਲਈ ਸਿਰਫ ਸਰਕਾਰ 'ਤੇ ਆਸ ਰੱਖਣ ਦੀ ਬਜਾਇ ਲੋਕਾਂ ਨੂੰ ਖ਼ੁਦ ਹੀ ਜਥੇਬੰਦ ਹੋ ਕੇ ਇਸ ਦਾ ਵਿਰੋਧ ਕਰਨਾ ਹੋਵੇਗਾ। ਇਸ ਲਈ ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਨਸ਼ਿਆਂ ਵਿਰੁੱਧ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਸੂਬੇ ਭਰ ਵਿਚ ਇਕ ਵਿਸ਼ਾਲ ਲੋਕ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ ਤਾਂ ਕਿ ਲੋਕ ਆਪਣੇ ਧੀਆਂ-ਪੁੱਤਾਂ ਨੂੰ ਬਚਾਉਣ ਲਈ ਸਮੂਹਕ ਰੂਪ ਵਿਚ ਵਿਰੋਧ ਕਰਨ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਇਸ ਜਨਤਕ ਵਿਰੋਧ ਦੇ ਇਕ ਪੜਾਅ ਵਜੋਂ 11 ਜੁਲਾਈ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਮੁਜ਼ਾਹਰੇ ਕਰਕੇ ਡਿਪਟੀ ਕਮਸ਼ਨਰਾਂ ਰਾਹੀਂ ਗਵਰਨਰ ਤੇ ਮੁੱਖ ਮੰਤਰੀ ਦੇ ਨਾਂਅ ਯਾਦਪੱਤਰ ਭੇਜੇ ਜਾਣਗੇ। ਚੋਹਾਂ ਆਗੂਆਂ ਨੇ ਆਪਣੀਆਂ ਪਾਰਟੀ ਇਕਾਈਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਧ ਚੜ੍ਹ ਕੇ ਅੱਗੇ ਆਉਣ ਅਤੇ ਹੋਰ ਖੱਬੀਆਂ ਤੇ ਲੋਕ ਹਿਤੂ ਧਿਰਾਂ ਨੂੰ ਨਾਲ ਲੈ ਕੇ ਇਸ ਨੂੰ ਸਾਂਝੀ ਮੁਹਿੰਮ ਬਣਾਉਣ ਦਾ ਸੱਦਾ ਦਿੱਤਾ ਹੈ।