sangrami lehar

ਨਸ਼ਿਆਂ ਦੇ ਵਪਾਰੀਆਂ, ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ

  • 01/07/2018
  • 09:20 PM

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਇਲਾਕੇ ਅੰਦਰ ਬੀਤੇ ਕੁਝ ਹੀ ਦਿਨਾਂ ਦੌਰਾਨ   ਨਸ਼ਿਆਂ ਦਾ ਸੇਵਨ ਕਰਨ ਕਰਕੇ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦਿਆਂ ਇਕ ਮੀਟਿੰਗ ਕੀਤੀ| ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਆਗੂ ਅਰਸਾਲ ਸਿੰਘ ਸੰਧੂ ਨੇ ਕੀਤੀ| ਮੀਟਿੰਗ ਵਿੱਚ ਸ਼ਾਮਲ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਇਸ ਮੌਕੇ ਨਸ਼ਿਆਂ ਦੇ ਵਪਾਰੀਆਂ, ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ| ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਨਸ਼ਿਆ ਦੇ ਕਾਰੋਬਾਰ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਅਸਫਲ ਰਹੀ ਹੈ ਜਿਸ ਕਰਕੇ ਰੋਜ਼ਾਨਾ ਹੀ ਮਾਪਿਆਂ ਦੇ ਪੁੱਤਰ ਨਸ਼ਿਆ ਦੀ ਭੇਟ ਚੜ੍ਹ ਰਹੇ ਹਨ| ਉਨ੍ਹਾਂ ਇਸ ਸਭ ਕੁਝ ਲਈ ਪੁਲੀਸ ਅਧਿਕਾਰੀਆਂ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਨਸ਼ਾ ਵਪਾਰੀ ਸਿਆਸੀ ਆਗੂਆ ਦੇ ਦਰਬਾਰ ਦਾ ਸ਼ਿੰਗਾਰ ਬਣ ਕੇ ਪੁਲੀਸ ਅਧਿਕਾਰੀਆ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਬਣ ਰਹੇ ਹਨ। ਉਨ੍ਹਾਂ ਇਸ ਸਭ ਕੁਝ ਲਈ ਕੈਪਟਨ ਸਰਕਾਰ ਅਤੇ  ਅਕਾਲੀ-ਭਾਜਪਾ ਨੂੰ ਬਰਾਬਰ ਦੇ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 7 ਜੁਲਾਈ ਤੱਕ ਲਗਾਤਾਰ ਨਸ਼ਾ ਵਪਾਰ ’ਤੇ ਰੋਕ ਲਾਉਣ, ਨੌਜਵਾਨਾਂ ਨੂੰ ਜਾਗਰੂਕ ਕਰਨ, ਨਸ਼ਿਆਂ ਦੀ ਲਤ ਵਿੱਚ ਆਏ ਨੌਜਵਾਨਾਂ ਦਾ ਇਲਾਜ ਕਰਕੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਲਈ ਮਹਿੰਮ ਸ਼ੁਰੂ ਕੀਤੀ ਹੋਈ ਹੈ। ਮੀਟਿੰਗ ਨੂੰ ਪਾਰਟੀ ਆਗੂ  ਬਲਬੀਰ ਸੂਦ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਚਰਨਜੀਤ ਸਿੰਘ ਬਾਠ, ਜਸਬੀਰ ਸਿੰਘ ਗੰਡੀਵਿੰਡ ਨੇ ਵੀ ਸੰਬੋਧਨ ਕੀਤਾ।