sangrami lehar

ਔਖੇ ਹੋਏ ਲੋਕਾਂ ਨੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਕਰਦੇ ਹੋਏ ਪੁਲੀਸ ਨੂੰ ਫੜਾਏ

  • 01/07/2018
  • 09:14 PM

ਫਿਲੌਰ : ਮੰਡ ਖੇਤਰ ਦੇ ਪਿੰਡ ਛੋਹਲੇ ਬਜਾੜ 'ਚ ਇਲਾਕੇ ਦੇ ਕਿਸਾਨਾਂ ਨੇ ਇੱਕਠੇ ਹੋ ਕੇ ਕਥਿਤ ਤੌਰ 'ਤੇ ਨਜਾਇਜ਼ ਮਾਈਨਿੰਗ ਕਰਦੇ ਲੋਕਾਂ ਨੂੰ ਪੁਲੀਸ ਕੋਲ ਫੜਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਮਾਈਨਿੰਗ ਮਾਫੀਆਂ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਖੇਤ ਵੀ ਖਰਾਬ ਕਰ ਰਹੇ ਸਨ। ਇੱਕ ਕਿਸਾਨ ਨੇ ਦੱਸਿਆ ਕਿ ਹਾਲੇ ਕੁੱਝ ਦਿਨ ਪਹਿਲਾ ਹੀ ਉਸ ਨੇ ਕੰਪਿਊਟਰ ਕਰਾਹੇ ਨਾਲ ਖੇਤ ਪੱਧਰ ਕੀਤਾ ਸੀ, ਜਿਸ 'ਚੋਂ ਇਸ ਮਾਫੀਏ ਨੇ ਟਰਾਲੀਆਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਸ ਦੀਆਂ ਸਬਜ਼ੀਆਂ 'ਚੋਂ ਹੀ ਰਸਤਾ ਬਣਾਇਆ ਗਿਆ ਹੈ, ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਇਨ੍ਹਾਂ ਟਰਾਲੀਆਂ ਨੂੰ ਰੋਕ ਕੇ ਪੁਲੀਸ ਨੂੰ ਸ਼ਿਕਾਇਤ ਕੀਤੀ। ਜਿਸ 'ਤੇ ਪੁਲੀਸ ਨੇ ਪੁੱਜ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ। ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਇਕ ਟਰਾਲੀ ਰੇਤੇ ਦੀ ਭਰੀ ਹੋਈ ਅਤੇ ਦੋ ਟਰਾਲੀਆਂ ਖਾਲੀ ਮਿਲੀਆਂ ਹਨ। ਪੋਕਲੇਨ ਮਸ਼ੀਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਮਸ਼ੀਨ ਮਾਈਨਿੰਗ ਵਾਲੀ ਥਾਂ ਤੋਂ ਕਿਤੇ ਹੋਰ ਖੜੀ ਹੈ। ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਕਿਹਾ ਕਿ ਉਹ ਹੋ ਰਹੀ ਨਜਾਇਜ਼ ਮਾਈਨਿੰਗ ਸਬੰਧੀ ਕਈ ਵਾਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਚੁੱਕੇ ਹਨ ਪਰ ਮਿਲੀਭੁਗਤ ਕਾਰਨ ਇਹ ਕੰਮ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ਹਾਲੇ ਵੀ ਮਾਈਨਿੰਗ ਨਾ ਰੁਕੀ ਤਾਂ ਉਹ ਹਮ ਖਿਆਲ ਜਥੇਬੰਦੀਆਂ ਨੂੰ ਇੱਕਠੇ ਕਰਕੇ ਸੰਘਰਸ਼ ਤੇਜ਼ ਕਰਨਗੇ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਸਿੰਘ, ਜਮਹੂਰੀ ਕਿਸਾਨ ਸਭਾ ਮੰਡ ਬੇਟ ਯੂਨਿਟ ਦੇ ਪ੍ਰਧਾਨ ਬਲਕਾਰ ਸਿੰਘ, ਗੁਰਮੀਤ ਸਿੰਘ, ਨੰਬੜਦਾਰ ਸਰੂਪ ਸਿੰਘ, ਹਰਜਿੰਦਰ ਸਿੰਘ ਕਤਪਾਲੋਂ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਜਰਨੈਲ ਫਿਲੌਰ, ਜਗਤਾਰ ਸਿੰਘ, ਨਿਰਮਲ ਸਿੰਘ, ਹਰਨੇਕ ਸਿੰਘ, ਮਲਕੀਤ ਸਿੰਘ ਪਰਮਜੀਤ ਕਤਪਾਲੋਂ, ਕਿਰਪਾਲ ਸਿੰਘ, ਜੱਸਾ ਸਿੰਘ ਆਦਿ ਹਾਜ਼ਰ ਸਨ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।