sangrami lehar

ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਰੋਹ ਭਰਪੂਰ ਮਾਰਚ

  • 01/07/2018
  • 09:08 PM

ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਅਤੇ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਦੀਆਂ ਵਿਦਿਆਰਥਣਾਂ ਤੇ ਸਟਾਫ਼ ਵੱਲੋਂ ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਵਿਰੋਧ ਵਿਚ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਜੋਧਾਂ-ਰਤਨ ਬਾਜ਼ਾਰ ਵਿਚ ਰੋਹ ਭਰਪੂਰ ਰੈਲੀ ਕਰਨ ਤੋਂ ਬਾਅਦ ਜੋਸ਼ੀਲੇ ਨਾਅਰੇ ਮਾਰਦਿਆਂ ਬਾਜ਼ਾਰ ਵਿਚ ਮਾਰਚ ਕੀਤਾ ਗਿਆ ਤੇ ਥਾਣਾ ਮੁਖੀ ਜੋਧਾਂ ਜਸਵੀਰ ਸਿੰਘ ਬੋਪਾਰਾਏ ਰਾਹੀਂ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਨਸ਼ਿਆਂ ਖ਼ਿਲਾਫ਼ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਸਾਥੀ ਅਜੇ ਫਿਲੌਰ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ (ਦੋਵੇਂ ਆਗੂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ) ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਜਿਹੜਾ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਹੋਇਆ ਸੀ, ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਦੀ ਸਰਪ੍ਰਸਤੀ ਪੂਰੀ ਤਰ੍ਹਾਂ ਹਾਸਲ ਹੋ ਗਈ ਹੈ। ਪੁਲਸ ਥਾਣਿਆਂ ਵਿਚ ਹੋ ਰਹੀ ਸਿਆਸੀ ਦਖ਼ਲਅੰਦਾਜ਼ੀ ਨੇ ਪੁਲਸ ਨੂੰ ਬੇਵੱਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਅਨਪੜ੍ਹਤਾ ਤੇ ਆਰਥਿਕ ਸਮੱਸਿਆਵਾਂ ਜਿਹੜੀਆਂ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੀਆਂ ਹਨ, ਉਨ੍ਹਾਂ ਦਾ ਹੱਲ ਕੀਤੇ ਬਿਨਾ ਨਸ਼ਿਆਂ ਦੀ ਸਮੱਸਿਆ ਖ਼ਤਮ ਨਹੀਂ ਹੋ ਸਕਦੀ। ਆਗੂਆਂ ਨੇ ਕਿਹਾ ਕਿ ਨਸ਼ਿਆਂ 'ਚ ਗ੍ਰਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵੀ ਸਰਕਾਰ ਇਮਾਨਦਾਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਸਮੱਸਿਆ ਦੀ ਗੰਭੀਰਤਾ ਮੁਤਾਬਿਕ ਨਸ਼ਾ ਮੁਕਤੀ ਕੇਂਦਰ ਬਹੁਤ ਹੀ ਘੱਟ ਹਨ ਅਤੇ ਕਈ ਥਾਵਾਂ ਦੇ ਨਸ਼ਾ ਮੁਕਤੀ ਕੇਂਦਰ ਚਿੱਟਾ ਹਾਥੀ ਬਣੇ ਹੋਏ ਹਨ ਅਤੇ ਬਹੁਤੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਲੁੱਟ ਦਾ ਕੇਂਦਰ ਬਣੇ ਹੋਏ ਹਨ। ਆਗੂਆਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤੇ ਬਿਨਾਂ ਸਮੱਸਿਆ ਦਾ ਹੱਲ ਹੋ ਹੀ ਨਹੀਂ ਸਕਦਾ। ਇਸ ਮੌਕੇ ਬੋਲਦਿਆਂ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਨਾਰੰਗਵਾਲ ਨੇ ਕਿਹਾ ਕਿ ਨਸ਼ਿਆਂ ਵਿਚ ਗ੍ਰਸਤ ਹੋਏ ਵਿਅਕਤੀਆਂ ਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਮੈਡੀਕਲ ਮਦਦ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਕਾਊਂਸਲਿੰਗ ਕਰਕੇ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇਗਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਘਬੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਅਮਰਜੀਤ ਸਿੰਘ ਸਹਿਜਾਦ, ਸਿਕੰਦਰ ਹਿਮਾਂਯੂੰਪੁਰਾ ਨੇ ਵੀ ਸੰਬੋਧਨ ਕਰਦਿਆਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਜ਼ਿਲ੍ਹਾ ਆਗੂਆਂ ਸਿਕੰਦਰ ਮਨਸੂਰਾਂ, ਰਾਣਾ ਲਤਾਲਾ, ਮਨਪਿੰਦਰ ਤੇ ਸੁਖਵਿੰਦਰ ਕਾਕਾ, ਜਸਵੀਰ ਸਿੰਘ ਬੂਟਾ ਗੁੱਜਰਵਾਲ, ਲਵਪ੍ਰੀਤ ਗੁੱਜਰਵਾਲ,ਇੰਦਰਪਾਲ ਫੱਲੇਵਾਲ, ਅਮਰੀਕ ਮੀਕਾ ਜੋਧਾਂ, ਸੁੱਖੀ ਜੋਧਾਂ, ਗੀਤਕਾਰ ਰਾਣਾ ਕਲਕੱਤੇ ਵਾਲਾ, ਪੰਮਾ ਜੋਧਾਂ, ਬਲਜਿੰਦਰ ਜੋਧਾਂ, ਗੁਰਦਾਸ ਜੋਧਾਂ, ਮਿੰਟੂ ਟੂਸੇ, ਮਨਦੀਪ ਸਿੰਘ ਸਹਿਜਾਦ, ਮਨਦੀਪ ਲੋਹਗੜ੍ਹ, ਗੋਲਡੀ ਲਲਤੋਂ, ਹਰਦੀਪ ਮਹਿਮਾ ਸਿੰਘ ਵਾਲਾ, ਲੱਕੀ ਭੱਟੀ ਬਟਾਲਾ, ਸਹਿਬਾਜ ਖਾਨ, ਡਾ. ਕੇਸਰ ਸਿੰਘ ਧਾਂਦਰਾਂ, ਹਰਕੀਰਤ ਗੁੱਜਰਵਾਲ, ਬਿੰਦਰ ਛੋਕਰਾਂ, ਮਲਕੀਤ ਢੈਪਈ, ਬੂਟਾ ਮਨਸੂਰਾਂ, ਆਂਗਣਵਾੜੀ ਯੂਨੀਅਨ ਗੁਰਿੰਦਰ ਕੌਰ ਗੁੱਜਰਵਾਲ, ਸਮਾਜਸੇਵੀ ਦਾਰਾ ਪਮਾਲੀ, ਨਿਰਮਲ ਰਤਨ, ਸੰਤੋਖ ਪਮਾਲੀ, ਆਦਿ ਦੀ ਅਗਵਾਈ ਵਿਚ ਹੋਏ ਇਸ ਪ੍ਰਦਰਸ਼ਨ ਤੇ ਮਾਰਚ ਦੌਰਾਨ ਨੌਜਵਾਨ ਗਾਇਕ ਪ੍ਰਿੰਸ ਜੋਧਾਂ ਤੇ ਜਗਦੇਵ ਸਿੰਘ ਭੀਮਾ ਲਲਤੋਂ ਨੇ ਨਸ਼ਿਆਂ ਖਿਲਾਫ ਗੀਤ ਗਾ ਕੇ ਰੌਂਗਟੇ ਖੜ੍ਹੇ ਕਰ ਦਿੱਤੇ।