sangrami lehar

ਪੁਲੀਸ ਵਧੀਕੀ ਖ਼ਿਲਾਫ਼ ਵੱਖ ਵੱਖ ਜਥੇਬੰਦੀਆਂ ਦੇ ਆਗੂ ਡੀਐਸਪੀ ਨੂੰ ਮਿਲੇ

  • 30/06/2018
  • 07:19 PM

ਰਾਏਕੋਟ :ਲੋਹਟਬੱਦੀ ਚੌਕੀ ਤਹਿਤ ਪੈਂਦੇ ਪਿੰਡ ਮਹੇਰਨਾਂ ਕਲਾਂ ਦੀ ਵਿਧਵਾ ਔਰਤ ਰੁਪਿੰਦਰ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਪੁਲੀਸ ਵੱਲੋਂ ਬੀਤੇ ਦਿਨੀਂ  ਕੀਤੀ ਗਈ ਕਥਿਤ ਵਧੀਕੀ ਦਾ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਆਗੂਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ।

ਸਥਾਨਕ ਸਿਵਲ ਹਸਪਤਾਲ ‘ਚ ਪੀੜਤ ਪਰਿਵਾਰ ਕੋਲੋਂ ਮਾਮਲੇ ਦੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਮਾਸਟਰ ਮਹਿੰਦਰ ਸਿੰਘ ਅੱਚਰਵਾਲ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਬੰਸ ਸਿੰਘ ਲੋਹਟਬੱਦੀ, ਬਲਦੇਵ ਸਿੰਘ,  ਸ਼ਹੀਦ ਭਗਤ ਸਿੰਘ ਨੌਜਵਾਲ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਕਲਸੀ, ਇਕਬਾਲ ਸਿੰਘ ਲੋਹਟਬੱਦੀ ਤੇ ਮਗਨਰੇਗਾ ਵਰਕਰਜ਼ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਹਿਮਾਂਯੂਪੁਰਾ ਨੇ ਦੱਸਿਆ ਕਿ ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਅਤੇ ਹੋਰ ਪੁਲੀਸ ਮੁਲਾਜ਼ਮਾਂ ਵੱਲੋਂ ਵਿਧਵਾ ਔਰਤ ਰੁਪਿੰਦਰ ਕੌਰ ਅਤੇ ਉਸ ਦੇ ਨਾਬਾਲਿਗ ਬੱਚਿਆਂ ਨਾਲ ਮਾਰਕੁੱਟ ਕਰ ਕੇ  ਕਿਸਾਨ ਪਰਿਵਾਰ ਨਾਲ ਜੋ ਵਧੀਕੀ ਕੀਤੀ  ਹੈ ਉਹ ਨਿੰਦਣਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਡੀ.ਐਸ.ਪੀ. ਨਾਲ ਮੀਟਿੰਗ ਕਰ ਕੇ ਇਸ ਘਟਨਾ ਦੇ ਕਥਿਤ ਦੋਸ਼ੀ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਰਾਏਕੋਟ ਦੇ ਡੀਐੱਸਪੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਿਧਵਾ ਔਰਤ ਨੇ ਜਿਨ੍ਹਾਂ ਪੁਲੀਸ ਅਧਿਕਾਰੀਆਂ ‘ਤੇ ਦੋਸ਼ ਲਗਾਏ ਹਨ, ਉਨ੍ਹਾਂ ਵਿੱਚੋਂ ਲੋਹਟਬੱਦੀ ਚੌਕੀ ਇੰਚਾਰਜ ਪਿਆਰਾ ਸਿੰਘ ਤੇ ਏ.ਐਸ.ਆਈ. ਲੋਹਟਬੱਦੀ ਸੁਰਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਇਸ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ।