sangrami lehar

ਨਸ਼ਿਆਂ ਕਾਰਨ ਜਵਾਨ ਪੁੱਤਾਂ ਦੀਆਂ ਅਣ-ਆਈਆਂ ਮੌਤਾਂ ਲਈ ਸਰਕਾਰਾਂ ਜ਼ਿੰਮੇਵਾਰ

  • 30/06/2018
  • 12:11 PM

ਬਠਿੰਡਾ : 'ਪੰਜਾਬ ਵਾਸੀ ਹਾਲੇ ਜਿਸ ਸਮੇਂ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ, ਬੇਰੁਜ਼ਗਾਰਾਂ, ਨੌਜਵਾਨਾਂ ਅਤੇ ਹੋਰਨਾਂ ਕਿਰਤੀਆਂ ਵੱਲੋਂ ਹਰ ਰੋਜ਼ ਕੀਤੀਆਂ ਜਾਂਦੀਆਂ ਖ਼ੁਦਕਸ਼ੀਆਂ ਦੇ ਸੰਤਾਪ ਨਾਲ ਵਿੰਨੇ ਪਏ ਹਨ, ਤੇ ਉੱਪਰੋਂ ਨਸ਼ਿਆਂ ਕਾਰਨ ਜਵਾਨ-ਜਹਾਨ ਧੀਆਂ-ਪੁੱਤਾਂ ਦੀਆਂ ਹਰ ਰੋਜ ਹੋ ਰਹੀਆਂ ਅਣ ਆਈਆਂ ਮੌਤਾਂ ਦੇ ਤਿੱਖੇ ਹੋਏ ਕੁਲਹਿਣੇ ਘਟਨਾਕ੍ਰਮ ਨੇ ਉਨ੍ਹਾ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਇਸ ਸਮੁੱਚੇ ਆਦਮਖੋਰ ਘਟਨਾਕ੍ਰਮ ਲਈ ਸਮੇਂ ਦੀਆਂ ਸਰਕਾਰਾਂ ਤੇ ਹਾਕਮ ਜਮਾਤ ਦੀਆਂ ਨੁਮਾਇੰਦਗੀ ਕਰਦੀਆਂ ਰਾਜਸੀ ਪਾਰਟੀਆਂ ਦੀ ਨਾਕਸ ਕਾਰਗੁਜ਼ਾਰੀ ਮੁੱਖ ਰੂਪ 'ਚ ਜਿੰਮੇਵਾਰ ਹੈ।' ਉਕਤ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਅਤੇ ਜ਼ਿਲ੍ਹਾ ਕਮੇਟੀ ਬਠਿੰਡਾ-ਮਾਨਸਾ ਦੇ ਸਕੱਤਰ ਸਾਥੀ ਲਾਲ ਚੰਦ ਨੇ ਕਹੀ। ਸਾਥੀ ਪਾਸਲਾ ਅਤੇ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਜੇ ਉਕਤ ਮੌਤਾਂ ਨੂੰ ਸਿਸਟਮ ਵੱਲੋਂ ਕੀਤੇ ਕਤਲ ਵੀ ਕਿਹਾ ਜਾਏ ਤਾਂ ਅਤਿਕਥਨੀ ਨਹੀਂ ਹੋਵੇਗੀ।
ਕਮਿਊਨਿਸਟ ਆਗੂਆਂ ਨੇ ਸੂਬੇ ਦੀਆਂ ਸਮਾਜ ਸੇਵੀ ਅਤੇ ਸੰਗਰਾਮੀ ਜਨਤਕ ਜਥੇਬੰਦੀਆਂ ਅਤੇ ਸੋਸ਼ਲ ਮੀਡੀਏ 'ਤੇ ਸਰਗਰਮ ਲੋਕ ਹਿਤੂ ਸਮੂਹਾਂ ਸ਼ਖ਼ਸ਼ੀਅਤਾਂ ਵੱਲੋਂ ਉਕਤ ਲੋਕ ਮਾਰੂ ਨਸ਼ਾ ਕਾਰੋਬਾਰ ਅਤੇ ਇਨ੍ਹਾਂ ਕਾਰੋਬਾਰੀਆਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਹਰ ਪੱਖੋ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ। ਆਗੂਆਂ ਨੇ ਸੂਬਾ ਵਾਸੀਆਂ ਨੂੰ ਇਹ ਮੁਹਿੰਮ ਸੌੜੇ ਹਿਤਾਂ ਤੋਂ ਉੱਪਰ ਉੱਠ ਕੇ ਹੋਰ ਵਿਸ਼ਾਲ ਤੇ ਤਿੱਖੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀਆਂ ਇਕਾਈਆਂ, ਹਮਦਰਦਾਂ, ਜਨਤਕ ਜਥੇਬੰਦੀਆਂ, ਵਿਸ਼ੇਸ਼ ਕਰਨ ਨੌਜਵਾਨਾਂ- ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਉਕਤ ਮੁਹਿੰਮ 'ਚ ਪੂਰੀ ਸ਼ਕਤੀ ਨਾਲ ਭਾਗ ਲੈਂਦਿਆਂ ਨਸ਼ਾ ਤਸਕਰਾਂ-ਸਿਆਸੀ ਆਗੂਆਂ ਅਤੇ ਕੁਰਪੱਟ ਅਫ਼ਸਰਾਂ 'ਤੇ ਅਧਾਰਤ ਗੱਠਜੋੜ ਨੂੰ ਆਮ ਲੋਕਾਂ 'ਚ ਵੱਡੀ ਪੱਧਰ 'ਤੇ ਬੇਪਰਦ ਕਰਨ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਲੋਕ ਰੋਹ ਨੂੰ ਠੰਡਾ ਕਰਨ ਦੇ ਮਕਸਦ ਨਾਲ ਸਰਕਾਰਾਂ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਜਾ ਰਹੇ ਡਰਾਮਾਨੁਮਾ ਕਦਮ ਕਦੇ ਵੀ ਨਸ਼ਿਆਂ ਨੂੰ ਠੱਲ੍ਹ ਨਹੀਂ ਪਾ ਸਕਦੇ ਬਲਕਿ ਉਕਤ ਮੰਤਵ ਲਈ ਗੰਭੀਰਤਾਂ ਸਹਿਤ ਬਹੁਮੰਤਵੀ ਯਤਨ ਕਰਨੇ ਲੋੜੀਂਦੇ ਹਨ, ਜਿਨ੍ਹਾਂ 'ਚੋਂ ਬੇਰੁਜ਼ਗਾਰੀ ਦਾ ਖਾਤਮਾ ਕਰਨਾ, ਨਸ਼ਾ ਕਾਰੋਬਾਰ ਪਿੱਛੇ ਕੰਮ ਕਰਦੇ 'ਬਾਰਸੂਖ' ਗੱਠਜੋੜ ਨੂੰ ਸਖ਼ਤੀ ਨਾਲ ਤੋੜਨਾ ਅਤੇ ਜਨਤਕ ਖੇਤਰ ਦੇ ਸਿਹਤ ਅਦਾਰਿਆਂ ਨੂੰ ਲੋੜੀਂਦੀਆਂ ਦਵਾਈਆਂ ਤੇ ਹੋਰ ਸਾਜੋ ਸਮਾਨ ਉੱਪਲੱਭਧ ਕਰਵਾਉਣਾ ਅਤੇ ਨਸ਼ੇੜੀ ਬਣਾ ਦਿੱਤੇ ਗਏ ਨੌਜਵਾਨਾਂ ਨੂੰ ਜੇਲ੍ਹਾਂ ਦੀ ਥਾਂ ਸਿਹਤਮੰਦ ਹੋਣ ਤੱਕ ਹਰ ਪੱਖੋ ਸੰਪੂਰਨ ਨਸ਼ਾ-ਮੁਕਤੀ ਕੇਂਦਰਾਂ ਵਿੱਚ ਭੇਜਣ ਦੀ ਵਿਵਸਥਾ ਕਰਨਾ ਪ੍ਰਮੁੱਖ ਬੁਨਿਆਦੀ ਕਦਮ ਹਨ।
ਆਗੂਆਂ ਨੇ ਅੱਗੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਮਾਮਲੇ 'ਚ ਕੀਤਾ ਜਾ ਰਿਹਾ ਸਮੁੱਚਾ ਕਾਰਵਿਹਾਰ ਇਸ ਗੱਲ ਦਾ ਪ੍ਰਭਾਵ ਦਿੰਦਾ ਹੈ ਕਿ ਮੌਜੂਦਾ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਨਸ਼ਿਆਂ ਨਾਲ ਜੁੜਿਆਂ ਸਮੁੱਚਾ ਘਟਨਾਕ੍ਰਮ ਵਿਧਾਨ ਸਭਾ ਚੋਣ ਜਿੱਤਣ ਲਈ ਮਹਿਜ਼ ਇੱਕ ਪ੍ਰਚਾਰ ਦਾ ਹੱਥਕੰਡਾ ਸੀ ਅਤੇ ਸਰਕਾਰ ਇਸ ਮਾਮਲੇ 'ਚ ਰੱਤੀ ਭਰ ਵੀ ਗੰਭੀਰ ਨਹੀਂ ਹੈ। ਸਾਥੀ ਮਹੀਪਾਲ ਅਤੇ ਸਾਥੀ ਲਾਲ ਚੰਦ ਨੇ ਕਿਹਾ ਕਿ ਇਹ ਵੀ ਡਾਢੇ ਦੁੱਖ ਅਤੇ ਰੋਹ ਦਾ ਮਸਲਾ ਹੈ ਕਿ ਦਸ ਸਾਲ ਪੰਜਾਬੀਆਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਣ ਲਈ ਲੋਕਾਂ ਵੱਲੋਂ ਜਿੰਮੇਵਾਰ ਸਮਝੇ ਜਾਂਦੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਅੱਜ ਨਸ਼ਿਆਂ ਦੇ ਮੁੱਦੇ 'ਤੇ ਠੀਕ ਕਾਂਗਰਸੀਆਂ ਵਾਲੀ ਹੀ ਰਾਜਸੀ ਖੇਡ ਖੇਡਣ 'ਚ ਮਸ਼ਗੂਲ ਹਨ। ਰਾਜ ਦੀ ਮੁੱਖ ਵਿਰੋਧੀ ਪਾਰਟੀ 'ਆਪ' ਦੇ ਕੌਮੀ ਕਨਵੀਨਰ ਵੱਲੋਂ ਨਸ਼ਾ ਕਾਰੋਬਾਰੀਆਂ ਦੀ ਪੁਸ਼ਤ ਪਨਾਹੀ ਲਈ ਦੋਸ਼ੀ ਸਮਝੇ ਜਾਂਦੇ ਲੋਕਾਂ ਤੋਂ ਜਨਤਕ ਮੁਆਫ਼ੀ ਮੰਗਣ ਨੇ ਇਸ ਮਾਮਲੇ 'ਚ 'ਆਪ' ਦਾ ਹੀਜ-ਪਿਆਜ਼ ਵੀ ਨੰਗਾ ਕਰਕੇ ਰੱਖ ਦਿੱਤਾ ਹੈ।
ਦੋਹਾਂ ਆਗੂਆਂ ਨੇ ਡਰੱਗ ਕਾਰੋਬਾਰ ਪਿੱਛੇ ਲੁੱਕੇ ਕੌਮਾਂਤਰੀ ਹਿੱਤਾ ਅਤੇ ਸਾਮਰਾਜੀ ਸੂਹੀਆਂ ਏਜੰਸੀਆਂ ਦੀ ਭੂਮਿਕਾਂ ਤੋਂ ਵੀ ਲੋਕਾਂ ਨੂੰ ਚੌਕਸ ਹੋਣ ਦੀ ਅਪੀਲ ਕੀਤੀ।