sangrami lehar

ਹਿਮਾਚਲ ਦੇ ਜ਼ਿਲ੍ਹਾ ਊਨਾ 'ਚ ਆਰਐਮਪੀਆਈ ਦੀ ਜ਼ਿਲ੍ਹਾ ਕਮੇਟੀ ਦਾ ਗਠਨ

  • 27/06/2018
  • 06:38 PM

ਊਨਾ : ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ। ਇਸ ਨੂੰ ਉਚੇਚੇ ਤੌਰ 'ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ 'ਚ ਭਾਜਪਾ ਦੀ ਸਰਕਾਰ ਨੇ ਲੋਕਾਂ ਨੂੰ ਬੇਰੁਜ਼ਗਾਰੀ ਦੀ ਭੱਠੀ 'ਚ ਝੋਕ ਕੇ ਰੱਖ ਦਿੱਤਾ ਹੈ ਅਤੇ ਇਸ ਤੋਂ ਪਹਿਲੀ ਕਾਂਗਰਸ ਸਰਕਾਰ ਨੇ ਵੀ ਇਸ ਮੁੱਦੇ 'ਤੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰ 'ਚ ਲੋਕਾਂ ਦੇ ਸੀਮਤ ਸਾਧਨ ਹੋਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਬਾਂਹ ਨਹੀਂ ਫੜੀ। ਇਸ ਦੇ ਮੁਕਾਬਲੇ ਲੋਕਾਂ ਨੂੰ ਸਸਤੀ ਵਿੱਦਿਆ ਦੇਣ ਦੀ ਥਾਂ ਵੱਡੇ ਪੱਧਰ 'ਤੇ ਵਿੱਦਿਆ ਦੇ ਕੀਤੇ ਜਾ ਰਹੇ ਨਿੱਜੀ ਕਰਨ ਨੇ ਲੋਕਾਂ ਨੂੰ ਹੋਰ ਵੀ ਮੁਸੀਬਤ 'ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਖੇਤੀ ਲਈ ਦਿੱਤੇ ਗਏ ਪਟੇ ਵਾਪਸ ਲਏ ਜਾ ਰਹੇ ਹਨ ਅਤੇ ਅਬਾਦ ਕੀਤੀਆਂ ਜ਼ਮੀਨਾਂ ਦੇ ਟੁਕੜਿਆਂ ਨੂੰ ਵੀ ਖੋਹਿਆਂ ਜਾ ਰਿਹਾ ਹੈ। ਇਸ ਮੌਕੇ ਆਰਐਮਪੀਆਈ ਪੰਜਾਬ ਦੇ ਖ਼ਜ਼ਾਨਚੀ ਸਾਥੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਿਮਾਚਲ 'ਚ ਦਲਿਤਾਂ ਨਾਲ ਬਹੁਤ ਜ਼ਿਆਦਾ ਜ਼ਿਆਦਤਾਈਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿਮਾਚਲ 'ਚ ਕਈ ਮੰਦਰਾਂ 'ਚ 'ਅਛੂਤ' ਦੇ ਦਾਖ਼ਲ ਹੋਣ ਦੀ ਮਨਾਹੀ ਹੈ ਅਤੇ ਇਸ ਤਰ੍ਹਾਂ ਹੀ ਪੀਣ ਵਾਲੇ ਪਾਣੀ ਦੇ ਸੋਮੇ ਵੀ ਵੱਖ-ਵੱਖ ਹਨ।
ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਰਘਬੀਰ ਸਿੰਘ, ਰਵਿੰਦਰ ਜੋਸ਼ੀ ਅਤੇ ਸੁਸ਼ਮਾ ਦੇਵੀ ਨੇ ਕੀਤੀ। ਇਸ ਮੌਕੇ ਸੱਤ ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ 'ਚ ਸਰਬ ਸਾਥੀ ਰਘਬੀਰ ਸਿੰਘ, ਰਵਿੰਦਰ ਜੋਸ਼ੀ, ਸੁਸ਼ਮਾ ਦੇਵੀ, ਵੀਨਾ ਧੀਮਾਨ, ਸੁਖਦੇਵ ਸਿੰਘ, ਦਵਿੰਦਰ ਕੁਮਾਰ ਅਤੇ ਸਲੋਚਨਾ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ।