sangrami lehar

ਭੱਠਾ ਮਜ਼ਦੂਰਾਂ ਨੂੰ ਮਜ਼ਦੂਰੀ ਨਾ ਮਿਲਣ ਕਾਰਨ ਅਣਮਿਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ

  • 25/06/2018
  • 03:29 PM

ਪਠਾਨਕੋਟ : ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਜਸਵੰਤ ਸਿੰਘ ਬੁੱਟਰ, ਸਾਥੀ ਮਨਹਰਨ ਅਤੇ ਵੱਖ-ਵੱਖ ਭੱਠਿਆਂ ਤੇ ਕੰਮ ਕਰਦੇ ਮਜ਼ਦੂਰਾਂ ਦੀ ਅਗਵਾਈ ਵਿੱਚ ਕੁੱਝ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਵਿਸ਼ਾਲ ਡੈਪੂਟੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲ ਕੇ ਤੁਰੰਤ ਕਾਰਵਾਈ ਕਰਦੇ ਹੋਏ ਮਜ਼ਦੂਰਾਂ ਨੂੰ ਮੁਕਤ ਕਰਾਉਣ ਅਤੇ ਦੋ ਭੱਠਾ ਮਾਲਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਪੈਂਦੇ ਮੈਸਰਜ਼ ਆਰਕੇ ਬਰਿਕ ਕਿਲਨ ਇੰਡਸਟਰੀ ਪਿੰਡ ਨਰੋਟ ਮਹਿਰਾ ਅਤੇ ਮੈਸਰਜ਼ ਵੀਜੇ ਬਰਿਕ ਕਿਲਨ ਪਿੰਡ ਡੱਲਾ ਬਲੀਮ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਵਿਖੇ ਸਥਿਤ ਭੱਠਾ ਮਾਲਕਾਂ ਵੱਲੋਂ ਇਸ ਗਰਮੀ ਸੀਜ਼ਨ ਜੋ ਕਿ ਮਾਰਚ ਤੋਂ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਤੱਕ ਅੱਤ ਦੀ ਗਰਮੀ ਵਿੱਚ ਮਜ਼ਦੂਰਾਂ ਕੋਲੋਂ ਕੱਚੀਆਂ ਇੱਟਾਂ ਦੀ ਪਥਾਈ ਦਾ ਕਥਿਤ ਤੌਰ 'ਤੇ ਕੰਮ ਪਰਿਵਾਰਾਂ ਸਮੇਤ ਔਰਤਾਂ/ਬੱਚਿਆਂ ਕੋਲੋਂ ਕਰਵਾਇਆ ਗਿਆ ਹੈ। ਪਰ ਹੁਣ ਕੰਮ ਸਮਾਪਤੀ ਹੋ ਜਾਣ 'ਤੇ ਪਿਛਲੇ 2 ਹਫ਼ਤਿਆਂ ਤੋਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਬਕਾਇਆ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ। ਭੱਠਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ। ਭੱਠੇ 'ਤੇ ਕੀਤੇ ਕੰਮ ਦੀ ਮਜ਼ਦੂਰੀ ਨਾਲ ਹੀ ਇਹਨਾਂ ਦੇ ਪਰਿਵਾਰਾਂ ਦੀਆਂ ਮੁੱਢਲੀਆਂ ਜੀਵਨ ਲੋੜਾਂ, ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ, ਬਿਮਾਰੀ ਦੀ ਹਾਲਤ ਵਿੱਚ ਇਲਾਜ ਕਰਵਾਉਣਾ ਅਤੇ ਹੋਰ ਸਮਾਜਿਕ ਲੋੜਾਂ ਪੂਰੀਆਂ ਕਰਨਾ ਇਸੇ ਮਜ਼ਦੂਰੀ 'ਤੇ ਨਿਰਭਰ ਕਰਦਾ ਹੈ। ਭੱਠਾ ਮਾਲਕਾਂ ਵੱਲੋਂ ਉਨ੍ਹਾਂ ਦੀ ਬਣਦੀ ਬਕਾਇਆ ਮਜ਼ਦੂਰੀ ਸਮੇਂ ਸਿਰ ਨਾ ਦੇਣਾ ਅਤੇ ਉਲਟਾਂ ਮਨ-ਮਰਜ਼ੀ ਨਾਲ ਹਿਸਾਬ ਦੇਣ ਦੀਆਂ ਧਮਕੀਆਂ ਦੇਣਾ ਸਰਾਸਰ, ਬੰਧੂਆ ਮਜ਼ਦੂਰੀ ਰੋਕੂ ਐਕਟ ਦੀ ਉਲੰਘਣਾ ਕਰਨਾ ਹੈ। ਜਦੋਂ ਕਿ ਕਿਰਤ ਕਾਨੂੰਨਾਂ ਅਨੁਸਾਰ ਮਜ਼ਦੂਰੀ ਕਰਾਉਣ ਉਪਰੰਤ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ-ਪਹਿਲਾਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਮਜ਼ਦੂਰੀ ਦੇਣਾ ਜ਼ਰੂਰੀ ਹੈ।।ਆਗੂਆਂ ਨੇ ਅੱਗੇ ਕਿਹਾ ਕਿ ਭੱਠਾ ਮਾਲਕ ਮਜ਼ਦੂਰਾਂ ਕੋਲੋਂ 2-2 ਸੀਐਫਐਲ 8-10 ਵਾਟ ਦੇ ਬਲਬਾਂ ਦਾ ਬਿਜਲੀ ਦਾ ਬਿੱਲ 2500-3000 ਰੁਪਏ ਪ੍ਰਤੀ ਪਰਿਵਾਰ ਧੱਕੇ ਨਾਲ ਵਸੂਲਿਆ ਜਾ ਰਿਹਾ ਹੈ, ਇਸ ਦੀ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਇਨਕੁਆਰੀ ਕਰਕੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮਜ਼ਦੂਰਾਂ ਕੋਲੋਂ ਜੇਸੀਬੀ ਮਸ਼ੀਨ ਰਾਹੀ ਮਿੱਟੀ ਪੁਟਾਈ ਦੇ ਨਾਮ 'ਤੇ ਹਜ਼ਾਰਾਂ ਰੁਪਏ ਵੀ ਵਸੂਲੇ ਜਾ ਰਹੇ ਹਨ ਜੋ ਕਿ ਮਜ਼ਦੂਰਾਂ ਦੀ ਭਾਰੀ ਆਰਥਿਕ ਲੁੱਟ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਕੱਠੇ ਹੋਏ ਮਜ਼ਦੂਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਤਾਂ ਮਜਬੂਰੀ ਦੀ ਹਾਲਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਜਾਂ ਭੱਠਾ ਮਾਲਕਾਂ ਦੇ ਦਫ਼ਤਰਾਂ ਅੱਗੇ ਅਣ-ਮਿਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਭੱਠਾ ਮਾਲਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਜਾਰੀ ਕਰਤਾ
ਸ਼ਿਵ ਕੁਮਾਰ
98154-20586