sangrami lehar

ਮਾਰਕਸਵਾਦੀ ਚਿੰਤਕ ਸਾਥੀ ਸੁਰਜੀਤ ਗਿੱਲ ਦੀ ਯਾਦ 'ਚ ਸੈਮੀਨਾਰ ਆਯੋਜਿਤ

  • 24/06/2018
  • 07:59 PM

ਫਰੀਦਕੋਟ : ਕਿਰਤੀਆਂ ਦੇ ਜੁਝਾਰੂ ਘੋਲਾਂ ਦੇ ਮਿਸਾਲੀ ਆਗੂ ਅਤੇ ਉੱਘੇ ਮਾਰਕਸਵਾਦੀ ਚਿੰਤਕ ਕਾਮਰੇਡ ਸੁਰਜੀਤ ਗਿੱਲ ਦੀ ਪ੍ਰੇਰਣਾਮਈ ਯਾਦ ਨੂੰ ਸਮ੍ਰਪਿਤ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਅੱਜ ਇਥੋਂ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ 'ਪੈਪਸੂ ਦੀ ਪਰਜਾਮੰਡਲ ਅਤੇ ਮੁਜ਼ਾਰਾ ਕਿਸਾਨ ਲਹਿਰ ਦਾ ਅਜੋਕਾ ਮਹੱਤਵ' ਵਿਸ਼ੇ ਤਹਿਤ ਕਰਵਾਏ ਗਏ ਇਸ ਸੈਮੀਨਾਰ 'ਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੱਲੋਂ ਕੁੰਜੀਵਤ ਭਾਸ਼ਣ ਦਿੱਤਾ ਗਿਆ।
ਘਾਲਣਵਾਂ ਭਰਪੂਰ, ਦੱਬੇ ਕੁਚਲੇ ਲੋਕਾਂ ਦੇ ਹੱਕਾਂ-ਹਿਤਾ ਦੀ ਰਾਖੀ ਲਈ, ਬੇਦਾਗ ਜਿੰਦਗੀ ਜਿਓਣ ਵਾਲੇ ਅਤੇ ਮਾਰਕਸਵਾਦੀ ਲਿਖਣ ਕਾਰਜ਼, ਖਾਸ ਕਰ ਸਾਹਿਤ ਆਲੋਚਨਾਂ ਦੇ ਖੇਤਰ ਵਿੱਚ ਅਨੇਕਾਂ ਕਾਲਜ਼ਈ ਲਿਖਤਾਂ ਦੇ ਸਿਰਜਕ ਸਾਥੀ ਸੁਰਜੀਤ ਗਿੱਲ ਨਾਲ ਬਿਤਾਏ ਸੰਗਰਾਮੀ ਪਲਾਂ ਨੂੰ ਮਾਣ ਨਾਲ ਯਾਦ ਕਰਦਿਆਂ ਸਾਥੀ ਪਾਸਲਾ ਨੇ ਸਾਥੀ ਗਿੱਲ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਨੂੰ 'ਚੀ ਗਵੇਗਾ' ਵਰਗੇ ਸੁਭਾਅ ਵਾਲਾ ਕਮਿਊਨਿਸਟ ਕਰਾਂਤੀਕਾਰੀ ਕਰਾਰ ਦਿੱਤਾ। ਸਾਥੀ ਪਾਸਲਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਥੀ ਗਿੱਲ ਦੀ ਜੀਵਨ ਸ਼ੈਲੀ ਤੇ ਜੁਝਾਰੂਪਨ ਤੋਂ ਪ੍ਰਭਾਵਿਤ ਹੋ ਕੇ ਜਿਥੇ ਅਨੇਕਾਂ ਨੌਜਵਾਨਾਂ ਨੇ ਆਪਣਾ ਸਮੁੱਚਾ ਜੀਵਨ ਕਮਿਊਨਿਸਟ ਲਹਿਰ ਦੇ ਲੇਖੇ ਲਾ ਦਿੱਤਾ, ਉਥੇ ਸਾਹਿਤ ਚਿੰਤਨ 'ਚ ਅਨੇਕਾਂ ਉਹ ਅਜ਼ੀਮ ਸ਼ਖਸ਼ੀਅਤਾਂ ਕਾਰਜਸ਼ੀਲ ਹਨ ਜੋ ਸਾਥੀ ਗਿੱਲ ਦੀ ਪ੍ਰੇਰਣਾ ਸਦਕਾ ਸਾਹਿਤ ਸਿਰਜਣ ਵੱਲ ਪ੍ਰੇਰਿਤ ਹੋਈਆਂ। ਉਨ੍ਹਾਂ ਅੱਗੇ ਕਿਹਾ ਕਿ ਪੈਪਸੂ ਦੀ ਮੁਜਾਰਾ ਕਿਸਾਨ ਲਹਿਰ ਤੋਂ ਆਪਣਾ ਘਟਨਾਵਾਂ ਭਰਪੂਰ, ਸੰਗਰਾਮੀ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸਾਥੀ ਗਿੱਲ ਨੇ ਪੁਰਤਗਾਲ ਤੋਂ ਗੋਆ ਦੀ ਮੁਕਤੀ ਦੇ ਸੰਗਰਾਮ 'ਚ ਵੀ ਮਿਸਾਲੀ ਯੋਗਦਾਨ ਪਾਇਆ।
ਪੈਪਸੂ ਦੇ ਪਰਜਾਮੰਡਲੀਆਂ ਦੇ ਸੁਤੰਤਰਤਾ ਸੰਗਰਾਮ ਅਤੇ ਮੁਜ਼ਾਰੇ ਕਿਸਾਨਾਂ ਦੇ ਜਮੀਨਾਂ ਦੀ ਮਾਲਕੀ ਦੇ ਹੱਕ ਪ੍ਰਾਪਤ ਕਰਨ ਦੇ ਲਹੂਵੀਟਵੇਂ ਸੰਘਰਸ਼ਾਂ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਨੂੰ ਸਿਜ਼ਦਾ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਉਸ ਮਹਾਨ ਸੰਗਰਾਮ ਦੇ ਜਾਣੇ-ਅਣਜਾਣੇ ਨਾਇਕਾਂ ਦੀਆਂ ਬੇਜੋੜ ਕੁਰਬਾਨੀਆਂ ਸਦਕਾ ਪ੍ਰਾਪਤ ਅਜਾਦੀ ਅਤੇ ਜਿਉਂਦੇ ਰਹਿਣ ਦਾ ਅਧਿਕਾਰ ਤੇ ਸਾਧਨ, ਅਜੋਕੇ ਭਾਰਤੀ ਹਾਕਮਾਂ ਨੇ ਮੁੜ ਤੋਂ ਸਾਮਰਾਜੀਆਂ ਦੇ ਹਵਾਲੇ ਕਰ ਦਿੱਤੇ ਹਨ। ਇਸ ਲਈ ਅੱਜ ਫਿਰ ਉਹੋ ਜਿਹੀ ਹੀ ਵਿਸ਼ਾਲ ਜਨਭਾਗੀਦਾਰੇ ਵਾਲੇ ਫ਼ੈਸਲਾਕੁਨ ਖਾੜਕੂ ਘੋਲਾਂ ਦੀ ਸਿਰਜਣਾ ਦੀ ਲੋੜ ਲੋਕਾਂ ਸਾਹਵੇਂ ਆਣ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾ ਸਾਮਰਾਜੀ ਲੋਟੂਆਂ ਦੇ ਇਸ਼ਾਰੇ 'ਤੇ ਫਿਰਕੂ ਨਫ਼ਰਤ ਦਾ ਪ੍ਰਚਾਰ ਪ੍ਰਸਾਰ ਕਰਕੇ ਭਰਾਮਾਰੂ ਘਰੋਗੀ ਜੰਗ ਅਤੇ ਦੇਸ਼ ਦੀ ਵੰਡ ਕਰਵਾਉਣ ਵਾਲੇ ਅੱਜ ਦੇਸ਼ ਦੇ ਰਾਜਭਾਗ 'ਤੇ ਕਾਬਜ ਹੋ ਚੁੱਕੇ ਹਨ ਅਤੇ ਕਤਲੇਆਮ ਦੀਆਂ ਸਾਜ਼ਿਸ਼ੀ ਵਿਉਂਤਬੰਦੀਆਂ ਨੂੰ ਪੂਰੀ ਸ਼ਕਤੀ ਅਤੇ ਤੇਜੀ ਨਾਲ ਸਿਰੇ ਚਾੜ੍ਹ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਾਮਰਾਜ ਦੇ ਆਰਥਕ-ਰਾਜਨੀਤਕ, ਸੱਭਿਆਚਾਰਕ ਨੀਤੀ ਚੌਖਟੇ ਦੇ ਹਿਮਾਇਤੀਆਂ ਅਤੇ ਵਿਰੋਧੀਆਂ ਦਰਮਿਆਨ ਸਪੱਸ਼ਟ ਲਕੀਰ ਖਿੱਚ ਕੇ ਮੋਰਚੇ ਅਤੇ ਲਹਿਰਾਂ ਉਸਾਰਨੇ ਹੀ ਅਜੋਕੇ ਦੌਰ 'ਚ ਪਰਜਾਮੰਡਲੀਆਂ ਅਤੇ ਮੁਜ਼ਾਰਾਂ ਕਿਸਾਨ ਲਹਿਰ ਦੇ ਆਗੂਆਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਵੱਲ ਵਧਣ ਦਾ ਇੱਕੋ ਇੱਕ ਰਸਤਾ ਹੈ।
ਪੰਜਾਬ ਦੀ ਮੌਜੂਦਾ ਸਰਕਾਰ ਦੇ ਰਾਜ ਪਹਿਰੇ ਹੋ ਰਹੀਆਂ ਅਪਰਾਧਕ ਵਾਰਦਾਤਾਂ ਤੇ ਮਾਫ਼ੀਆਂ ਆਪਹੁਦਰੀਆਂ ਬਾਰੇ ਟਿੱਪਣੀ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਆਪਣੀ ਰੱਦੀ ਪ੍ਰਸ਼ਾਸ਼ਨਿਕ ਕਾਰਗੁਜ਼ਾਰੀ ਰਾਹੀਂ ਮੌਜੂਦਾ ਸਰਕਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਦਸਾਂ ਸਾਲਾਂ ਦੇ ਦੁਰਰਾਜ ਦੇ ਪ੍ਰਭਾਵਾਂ ਨੂੰ ਫਿੱਕਾ ਪਾਉਣ ਲਈ ਪੂਰੇ ਸੁਹਿਰਦ ਯਤਨ ਕਰ ਰਹੀ ਹੈ।
ਉਨ੍ਹਾਂ ਕਿਰਤੀਆਂ ਨੂੰ ਜਮਾਤ ਰਹਿਤ, ਜਾਤੀ ਹੀਨ, ਨਾਰੀ ਮੁਕਤੀ ਵੱਲ ਸੇਧਤ, ਸੈਕੂਲਰ ਸਮਾਜ ਦੀ ਸਿਰਜਣ ਦੇ ਸੰਗਰਾਮਾਂ ਨੂੰ ਬਲਵਾਨ ਤੇ ਤੇਜ ਕਰਨ ਦਾ ਸੱਦਾ ਦਿੱਤਾ।
ਸਾਥੀ ਗਿੱਲ ਦੀ ਪ੍ਰੇਰਣਾ ਨਾਲ ਕਮਿਊਨਿਸਟ ਲਹਿਰ 'ਚ ਸ਼ਾਮਲ ਹੋਣ ਵਾਲੇ ਆਰਐਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਉਨ੍ਹਾਂ ਨਾਲ ਬਿਤਾਏ ਮਾਣਮੱਤੇ ਪਲਾਂ ਨੂੰ ਯਾਦ ਕਰਦਿਆਂ ਜਮੀਨਾਂ ਤੋਂ ਵਾਂਝੇ ਮੁਜਾਰਿਆਂ ਨੂੰ ਭੌਂ ਮਾਲਕ ਬਣਾਉਣ ਲਈ ਲੜਨ ਵਾਲੇ ਮਹਾਨ ਯੋਧਿਆਂ ਦੀ ਸੋਚ ਦੇ ਵਾਰਸਾਂ ਨੂੰ ਅੱਜ ਦਲਿਤਾਂ, ਔਰਤਾਂ, ਘੱਟ ਗਿਣਤੀਆਂ ਖ਼ਿਲਾਫ਼ ਹੁੰਦੇ ਅਤਿਆਰਚਾਰਾਂ ਵਿਰੁੱਧ ਹਿੱਕਾਂ ਡਾਹ ਕੇ ਲੜਨ ਦੀ ਢਾਡੀ ਲੋੜ ਅੱਜ ਫਿਰ ਤੋਂ ਬਣ ਗਈ ਹੈ।
ਇਸ ਮੌਕੇ ਸਰਵ ਸਾਥੀ ਮੇਹਰ ਸਿੰਘ ਹਰੀਨੌਂ, ਗੁਰਤੇਜ ਸਿੰਘ ਹਰੀਨੌਂ, ਜਗਜੀਤ ਸਿੰਘ ਜੱਸੇਆਣਾ, ਜਗਤਾਰ ਸਿੰਘ ਵਿਰਦੀ, ਨਾਵਲਿਸਟ ਹਰਪਿੰਦਰ ਰਾਣਾ, ਹਰਜੀਤ ਮਦਰੱਸਾ, ਜਗਜੀਤ ਪਾਲ, ਕੁਲਦੀਪ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੇ ਮਹਿਬੂਬ ਸਾਥੀ ਨੂੰ ਯਾਦ ਕੀਤਾ।