sangrami lehar

ਜਨਵਾਦੀ ਇਸਤਰੀ ਸਭਾ ਪੰਜਾਬ ਨੇ ਔਰਤਾਂ ਦੇ ਹੱਕ 'ਚ ਕੀਤਾ ਪ੍ਰਦਰਸ਼ਨ

  • 19/06/2018
  • 05:31 PM

ਜਲੰਧਰ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਤਹਿਤ ਅੱਜ ਸਭਾ ਦੀ ਜ਼ਿਲ੍ਹਾ ਜਲੰਧਰ ਇਕਾਈ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਮਾਰਿਆ ਗਿਆ ਜਿਸ ਵਿਚ ਸੈਂਕੜੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਧਰਨਾਕਾਰੀ ਬੀਬੀਆਂ ਵਲੋਂ ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਔਰਤ ਵਿਰੋਧੀ-ਲੋਕ ਵਿਰੋਧੀ ਨੀਤੀਆਂ ਅਤੇ ਔਰਤਾਂ ਖਿਲਾਫ਼ ਹੋ ਰਹੇ ਘਿਨਾਉਣੇ ਅੱਤਿਆਚਾਰਾਂ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਸੇਧ ਦੇਣ ਲਈ ਸੂਬਾਈ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ, ਸੂਬਾਈ ਆਗੂ ਬੀਬੀ ਬਿਮਲਾ ਅਤੇ ਡਾਕਟਰ ਰਘੁਬੀਰ ਕੌਰ ਉਚੇਚੀਆਂ ਪੁੱਜੀਆਂ। ਧਰਨੇ ਦੀ ਪ੍ਰਧਾਨਗੀ ਬੀਬੀ ਕੰਚਨ, ਪਾਰਵਤੀ, ਜਸਵਿੰਦਰ ਕੌਰ ਮਾਹੂੰਵਾਲ ਅਤੇ ਸੁਨੀਤਾ ਫਿਲੌਰ (ਕੌਂਸਲਰ) 'ਤੇ ਅਧਾਰਿਤ ਪ੍ਰਧਾਲਗੀ ਮੰਡਲ ਵਲੋਂ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਵੇਲਾ ਵਿਹਾ ਚੁੱਕੀ ਘੋਰ ਔਰਤ ਵਿਰੋਧੀ -ਪ੍ਰਗਤੀ ਵਿਰੋਧੀ ਮਨੂੰੂਵਾਦੀ ਵਿਵਸਥਾ ਦੀ ਮੁੜ ਸਥਾਪਤੀ ਦੇ ਕੋਝੇ ਯਤਨਾਂ ਵਿਰੁੱਧ ਔਰਤਾਂ ਨੂੰ ਸੰਘਰਸ਼ਾਂ 'ਚ ਨਿੱਤਰਣ ਦਾ ਸੱਦਾ ਦਿੰਦੇ ਨਾਅਰੇ ਬੁਲੰਦ ਕੀਤੇ ਗਏ।
ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਸਿੱਟੇ ਵਜੋਂ ਔਰਤਾਂ ਦੇ ਜੀਵਨ 'ਤੇ ਪੈਣ ਵਾਲੇ ਨਾਂਹ ਪੱਖੀ ਆਰਥਕ-ਸਮਾਜਕ-ਸਭਿਆਚਾਰਕ ਦੁਸ਼ਪ੍ਰਭਾਵਾਂ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ।
ਪ੍ਰਦਰਸ਼ਨਕਾਰੀ ਬੀਬੀਆਂ ਵਲੋਂ ਮਨੂੰਵਾਦ ਦੀ ਪੁੱਠ ਚੜ੍ਹੇ ਲਚਰ-ਪੂੰਜੀਵਾਦੀ ਸੱਭਿਆਚਾਰ ਵਿਰੁੱਧ ਵੀ ਲੋਕਾਂ ਨੂੰ ਸੁਚੇਤ ਹੋ ਕੇ ਡੱਟਣ ਦਾ ਸੱਦਾ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਬੀਬੀਆਂ ਵਲੋਂ, ਜ਼ਿਲ੍ਹਾ ਅਧਿਕਾਰੀਆਂ ਰਾਹੀਂ, ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਭੇਜੇ ਗਏ ਮੰਗ ਪੱਤਰ ਰਾਹੀਂ ਔਰਤਾਂ ਨੂੰ ਹਰ ਖੇਤਰ ਵਿਚ ਸਮਾਨ ਅਧਿਕਾਰਾਂ ਦੀ ਗਰੰਟੀ, ਸਥਾਈ ਰੋਜ਼ਗਾਰ ਅਤੇ ਸਨਮਾਨਯੋਗ ਉਜਰਤਾਂ, ਔਰਤ ਸੁਰੱਖਿਆ ਕਮੇਟੀਆਂ ਦੇ ਗਠਨ, ਹਰ ਕਿਸਮ ਦੇ ਜਿਸਮਾਨੀ ਅਪਰਾਧਾਂ ਨੂੰ ਸਖਤੀ ਨਾਲ ਠੱਲ੍ਹ ਪਾਉਣ, ਔਰਤ ਵਿਰੋਧੀ ਅਪਰਾਧਾਂ 'ਚ ਲਾਪਰਵਾਹੀ ਕਰਨ ਜਾਂ ਅਪਰਾਧੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਪੁਲਸ/ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ, ਮਹਿੰਗਾਈ ਤੋਂ ਰਾਹਤ ਦਿੰਦੀ ਹਕੀਕੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਹਾਲਾਤ ਨਾਲ ਮੇਚਵੀਆਂ ਸਮਾਜਕ ਸੁਰੱਖਿਆ ਪੈਨਸ਼ਨਾਂ ਦੇਣ, ਘਰੇਲੂ ਮਜ਼ਦੂਰ, ਮਨਰੇਗਾ ਕਿਰਤੀ ਔਰਤਾਂ ਅਤੇ ਗੈਰ ਜਥੇਬੰਦ ਖੇਤਰ 'ਚ ਕੰਮ ਕਰਦੀਆਂ ਸਾਰੀਆਂ ਔਰਤਾਂ ਦੇ ਸਮੁੱਚੇ ਅਧਿਕਾਰਾਂ ਦੀ ਰੱਖਿਆ ਦੀ ਗਰੰਟੀ ਕਰਨ ਆਦਿ ਦੀ ਮੰਗ ਕੀਤੀ ਗਈ। ਧਰਨਾਕਾਰੀ ਬੀਬੀਆਂ ਨੂੰ ਉਕਤ ਆਗੂਆਂ ਤੋਂ ਇਲਾਵਾ ਬੀਬੀ ਊਸ਼ਾ ਪਾਸਲਾ ਅਤੇ ਅਮਨ ਫਗਵਾੜੀ ਮੁਹੱਲਾ ਨੇ ਵੀ ਸੰਬੋਧਨ ਕੀਤਾ।