sangrami lehar

ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ

  • 18/06/2018
  • 08:47 PM

ਗੁਰਾਇਆ- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਵੱਲੋਂ ਅੱਜ ਇੱਥੋਂ ਦੇ ਪਾਵਰ ਕਾਮ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ। ਇਹ ਧਰਨਾ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਤਹਿਤ ਦਿੱਤਾ ਗਿਆ। ਮਗਰੋਂ ਇੱਥੋਂ ਦੇ ਐਕਸੀਅਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਪੰਜਾਬ ਸਰਕਾਰ ਦੇ ਨਾਂ ਭੇਜੇ ਇਸ ਮੰਗ ਪੱਤਰ 'ਚ ਰਾਜ ਪੱਧਰ ਅਤੇ ਮੁਕਾਮੀ ਪੱਧਰ ਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ ਗਈ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ ਅਤੇ ਮਾ. ਸ਼ਿੰਗਾਰਾ ਸਿੰਘ ਦੁਸਾਂਝ ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਤਹਿਸੀਲ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਪਾਵਰ ਲਾਈਟ ਘੱਟੋ ਘੱਟ 10 ਘੰਟੇ ਦਿੱਤੀ ਜਾਵੇ, ਸੜਿਆਂ ਜਾਂ ਚੋਰੀ ਹੋਇਆ ਟਰਾਂਸਫ਼ਾਰਮਰ 24 ਘੰਟਿਆਂ ਦੇ ਅੰਦਰ ਬਦਲਿਆਂ ਜਾਵੇ, ਹਰੇਕ ਕਿਸਮ ਦੀ ਕੈਟਾਗਰੀ ਵਾਲਾ ਟਰਾਂਸਫ਼ਾਰਮਰ ਗਰਿੱਡ 'ਤੇ ਵਾਧੂ ਉਪਲਬਧ ਹੋਵੇ, ਵਿਭਾਗ ਦੇ ਮੁਲਾਜ਼ਮਾਂ ਦੀ ਭਰਤੀ ਕਰਕੇ ਪੋਸਟਾਂ ਪੂਰੀਆਂ ਕੀਤੀਆਂ ਜਾਣ, ਪਾਵਰ ਲੋਡ ਸਾਰਾ ਸਾਲ 1200 ਰੁਪਏ ਪ੍ਰਤੀ ਹਰਸ ਪਵਾਰ ਨਾਲ ਵਧਾਇਆ ਜਾਵੇ, ਪਾਵਰ ਕਾਮ ਵਿਭਾਗ 'ਚ ਫੈਲਿਆਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ, ਮਜ਼ਦੂਰਾਂ ਦੇ ਘਰਾਂ ਦੀ ਬਿਜਲੀ ਮੁਆਫ਼ੀ ਪਹਿਲਾ ਦੀ ਤਰ੍ਹਾਂ 400 ਯੂਨਿਟ ਬਿਨਾਂ ਸ਼ਰਤ ਬਹਾਲ ਰੱਖੀ ਜਾਵੇ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਮੋਟਰਾਂ ਤੇ ਬਿਜਲੀ ਮੀਟਰ ਲਗਾਉਣ ਦੀ ਯੋਜਨਾ ਵਾਪਸ ਲੈਣ ਦੀ ਮੰਗ ਵੀ ਕੀਤੀ। ਬਿਜਲੀ ਸ਼ਾਰਟ ਸਰਕਟ ਨਾਲ ਪਿਛਲੇ ਸਮੇਂ ਸੜੀ ਕਣਕ ਨਾੜ ਜਾਂ ਖੇਤੀਬਾੜੀ ਮਸ਼ੀਨਰੀ ਦਾ ਪੂਰੇ ਮੁਅਵਾਜ਼ੇ ਦੀ ਮੰਗ ਕੀਤੀ। ਆਗੂਆਂ ਨੇ ਫਿਲੌਰ ਮੰਡ ਏਰੀਏ 'ਚ ਪੁਰਾਣੀਆਂ ਲਾਈਨਾਂ ਦੀ ਮਾੜੀ ਹਾਲਤ, ਜਿਸ ਨਾਲ ਅੱਗ ਲੱਗਣ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਨੂੰ ਤੁਰੰਤ ਬਦਲਣ ਦੀ ਮੰਗ ਵੀ ਕੀਤੀ। ਕਿਸਾਨੀ ਖੂਹਾਂ 'ਤੇ 24 ਘੰਟੇ ਲਾਈਟ ਦਾ ਪ੍ਰਬੰਧ ਸਰਕਾਰ ਆਪਣੇ ਖ਼ਰਚੇ 'ਤੇ ਕਰਕੇ ਰਹਾਇਸ਼ ਵਾਲੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਵੀ ਇਸ ਮੌਕੇ ਉਭਾਰੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਜਸਬੀਰ ਸਿੰਘ ਭੋਲੀ, ਮਨਜਿੰਦਰ ਸਿੰਘ ਢੇਸੀ, ਬਲਬੀਰ ਬੀਰੀ, ਮਨਜੀਤ ਸੂਰਜਾ, ਕੁਲਜਿੰਦਰ ਤਲਵਣ, ਸੋਢੀ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਮਗਰੋਂ ਐਕਸੀਅਨ ਗੁਰਾਇਆ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।