sangrami lehar

ਦਾਲਾਂ ਦੀ ਖ਼ਰੀਦ ਕੌਡੀਆਂ ਦੇ ਭਾਅ ਕਰਨ ਦੀ ਨਿਖੇਧੀ

  • 15/06/2018
  • 07:35 PM

ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬੇ ਦੇ ਸਹਾਇਕ ਸਕੱਤਰ ਰਘਬੀਰ ਸਿੰਘ ਪਕੀਵਾਂ ਅਤੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਮੂੰਗੀ, ਮਾਂਹ, ਮੱਕੀ ਉਤਪਾਦਕ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਲੁੱਟ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਾਣੀ ਦੀ ਬੱਚਤ ਕਰਦਿਆਂ ਅਤੇ ਫ਼ਸਲੀ ਵਿਭਿੰਨਤਾ ਵਿੱਚ ਯੋਗਦਾਨ ਪਾਉਂਦੀਆਂ ਦਾਲਾਂ ਅਤੇ ਮੱਕੀ ਦੀਆਂ ਫ਼ਸਲਾਂ ਦੀ ਸਰਕਾਰ ਵੱਲੋਂ ਐਲਾਨੇ ਭਾਅ 'ਤੇ  ਸਰਕਾਰੀ ਖ਼ਰੀਦ ਦਾ ਤੁਰੰਤ ਪ੍ਰਬੰਧ ਕਰੇ।
ਕਿਸਾਨ ਆਗੂਆਂ ਨੇ ਦੱਸਿਆ ਕੇ ਮੰਡੀਆਂ ਵਿੱਚ ਸਰਕਾਰ ਵੱਲੋਂ ਐਲਾਨੇ ਭਾਅ 5400 ਵਾਲੇ ਮਾਂਹ 2200 ਰੁਪਏ, 5450 ਵਾਲੀ ਮੂੰਗੀ 2500 ਤੋਂ 2700 ਰੁਪਏ ਅਤੇ 1425 ਵਾਲੀ ਮੱਕੀ 500 ਤੋਂ 700 ਰੁਪਏ ਪ੍ਰਤੀ ਕੁਵਿੰਟਲ ਖ਼ਰੀਦ ਕਰਕੇ ਲੁੱਟ ਕੀਤੀ ਜਾ ਰਹੀ ਹੈ, ਜਦੋਂ ਕਿ ਸਰਕਾਰ ਅਤੇ ਸਰਕਾਰੀ ਪ੍ਰਸ਼ਾਸਨ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਥਾਂ ਝੋਨੇ ਦੀ ਲਵਾਈ ਦਾ ਬੇਲੋੜਾ ਬਖੇੜਾ ਖੜ੍ਹਾ ਕਰਨ ਵਿੱਚ ਰੁੱਝਾ ਹੋਇਆ ਹੈ।।ਆਗੂਆਂ ਨੇ ਕਿਹਾ ਕੇ ਜੇ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਪੰਜਾਬ ਦੇ ਪਾਣੀ ਸੰਕਟ ਪ੍ਰਤੀ ਗੰਭੀਰ ਹੁੰਦੀ ਤਾਂ ਪਾਣੀ ਬਚਾਉਂਦੀਆਂ ਫ਼ਸਲਾਂ ਦੀ ਪੂਰੀ ਕੀਮਤ ਉੱਪਰ ਖ਼ਰੀਦ ਕਰਕੇ ਉਤਸ਼ਾਹਿਤ ਕਰਦੀ। ਆਗੂਆਂ ਨੇ ਜਥੇਬੰਦੀ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਜੇ ਸਰਕਾਰ ਨੇ ਫ਼ੌਰੀ ਦਖ਼ਲ ਦੇ ਕੇ ਸਰਕਾਰੀ ਖ਼ਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨਗੇ। ਆਗੂਆਂ ਨੇ ਕਿਸਾਨਾਂ ਨੂੰ ਕੌਡੀਆਂ ਦੇ ਭਾਅ ਫ਼ਸਲਾਂ ਵੇਚਣ ਦੀ ਥਾਂ ਤਿੱਖੇ ਸੰਘਰਸ਼ ਲਈ ਮੈਦਾਨ ਵਿੱਚ ਆਉਣ ਦਾ ਸੱਦਾ ਵੀ ਦਿੱਤਾ।