sangrami lehar

ਸਮਾਜ ਦੇ ਨਿਮਨ ਵਰਗ ਵੱਲੋਂ ਭਾਗ ਲਏ ਬਿਨ੍ਹਾਂ ਕ੍ਰਾਂਤੀ ਅਸੰਭਵ : ਡਾ. ਗੋਪਾਲ ਜੀ ਪ੍ਰਧਾਨ

  • 10/06/2018
  • 07:11 PM

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਮਹਾਨ ਚਿੰਤਕ ਕਾਰਲ ਮਾਰਕਸ ਦੇ 200ਵੇਂ ਜਨਮ ਦਿਵਸ ਅਤੇ ਉਹਨਾਂ ਦੀ ਮਹਾਨ ਰਚਨਾ 'ਦਾਸ ਕੈਪੀਟਲ' ਦੇ ਛਪਣ ਦੀ 150ਵੀਂ ਵਰ੍ਹੇਗੰਢ 'ਤੇ ਅੱਜ ਏਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ''ਮਾਰਕਸਵਾਦ ਦੀ ਸਦੀਵੀ ਸਾਰਥਕਤਾ'' ਵਿਸ਼ੇ 'ਤੇ ਕੀਤੇ ਗਏ ਇਸ ਭਰਵੇਂ ਇਕੱਠ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਤੇ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਘੇ ਮਾਰਕਸਵਾਦੀ ਚਿੰਤਕ ਅਤੇ ਡਾਕਟਰ ਅੰਬੇਡਕਰ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਡਾ. ਗੋਪਾਲ ਜੀ ਪ੍ਰਧਾਨ ਨੇ ਆਪਣੇ ਕੁੰਜੀਵਤ ਭਾਸ਼ਣ ਰਾਹੀਂ ਮਾਰਕਸਵਾਦੀ ਸਿਧਾਂਤਕ ਸਥਾਪਨਾਵਾਂ ਅਤੇ ਅਜੋਕੇ ਸੰਦਰਭ ਵਿਚ ਉਹਨਾਂ ਦੇ ਵੱਡਮੁੱਲੇ ਮਹੱਤਵ ਬਾਰੇ ਬਹੁਤ ਹੀ ਵਿਦਵਤਾ ਭਰਪੂਰ ਢੰਗ ਨਾਲ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਕਾਰਲ ਮਾਰਕਸ ਅਨੁਸਾਰ ਮਨੁੱਖੀ ਸਮਾਜ ਨੂੰ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਮੁਕਤ ਕਰਨ ਵਾਸਤੇ ਜਮਾਤੀ ਸੰਘਰਸ਼ ਹੀ ਇਕੋ ਇਕ ਕਾਰਗਰ ਵਿਧੀ ਹੈ ਅਤੇ ਮੌਜੂਦਾ ਪੂੰਜੀਵਾਦੀ ਦੌਰ ਵਿਚ ਮਜ਼ਦੂਰ ਵਰਗ ਨੇ ਇਸ ਬਹੁਪੱਖੀ ਸੰਘਰਸ਼ ਰਾਹੀਂ ਸਿਰਫ ਆਪਣੀ ਜਮਾਤ ਨੂੰ ਹੀ ਨਹੀਂ ਬਲਕਿ ਸਾਰੇ ਮੁਸੀਬਤਾਂ ਮਾਰੇ ਲੋਕਾਂ ਨੂੰ ਵੀ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਮੁਕਤ ਕਰਨਾ ਹੈ। ਡਾ. ਗੋਪਾਲ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅੰਦਰ ਜਿਹੜੇ ਲੋਕ ਕਾਰਲ ਮਾਰਕਸ ਨੂੰ ਵਿਦੇਸ਼ੀ ਦਰਸਾ ਕੇ ਉਸਦੀਆਂ ਸਿੱਖਿਆਵਾਂ ਨੂੰ ਬੇਲੋੜਾ ਕਰਾਰ ਦਿੰਦੇ ਹਨ, ਉਹ ਅਸਲੋਂ ਹੀ ਅਗਿਆਨੀ ਹਨ। ਉਹਨਾਂ ਕਿਹਾ ਕਿ ਕਾਰਲ ਮਾਰਕਸ ਨੇ ਸਿਰਫ ਸਨਅਤੀ ਮਜ਼ਦੂਰਾਂ ਦੀ ਬੰਦ ਖਲਾਸੀ ਲਈ ਸਿਧਾਂਤਕ ਸਥਾਪਨਾਵਾਂ ਹੀ ਨਹੀਂ ਸਿਰਜੀਆਂ ਬਲਕਿ ਅੰਗਰੇਜ਼ ਸਾਮਰਾਜੀਆਂ ਦੇ ਬਸਤੀਵਾਦੀ ਪ੍ਰਬੰਧ ਹੇਠ ਨਪੀੜੇ ਜਾ ਰਹੇ ਲੋਕਾਂ ਦੀ ਆਜ਼ਾਦੀ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਇਹ ਲਿਖਿਆ ਸੀ ਕਿ ਏਥੇ ਵਿਛਾਈਆਂ ਜਾ ਰਹੀਆਂ ਰੇਲ ਪਟੜੀਆਂ ਅਤੇ ਹੋਰ ਪੂੰਜੀਵਾਦੀ ਵਿਕਾਸ ਦਾ ਭਾਰਤਵਾਸੀਆਂ ਨੂੰ ਪੂਰਾ ਲਾਭ ਉਦੋਂ ਹੀ ਮਿਲੇਗਾ ਜਦੋਂ ਉਹ ਬਰਤਾਨਵੀ ਬਸਤੀਵਾਦੀ ਜੂਲੇ ਨੂੰ ਵਗਾਹ ਮਾਰਨਗੇ ਕਿਉਂਕਿ ਬਸਤੀਵਾਦ ਦਾ ਗੁਲਾਮ ਲੋਕਾਂ ਨਾਲ ਵਿਵਹਾਰ ਬਰਬਰਤਾ ਭਰਪੂਰ ਅਤੇ ਜ਼ਾਲਮਾਨਾ ਲੁੱਟ 'ਤੇ ਆਧਾਰਤ ਹੈ।
ਡਾ. ਗੋਪਾਲ ਜੀ ਨੇ ਇਹ ਵੀ ਕਿਹਾ ਕਿ ਕਾਰਲ ਮਾਰਕਸ ਵਲੋਂ ਰਚੀਆਂ ਗਈਆਂ ਵਿਗਿਆਨਕ ਸੇਧਾਂ ਅੱਜ ਹੋਰ ਵੀ ਵਧੇਰੇ ਪ੍ਰਸੰਗਕ ਹੋ ਗਈਆਂ ਹਨ। ਉਹਨਾਂ ਉਦੋਂ ਹੀ ਇਹ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਪੂੰਜੀਵਾਦ ਕਦੇ ਵੀ ਸੰਕਟ ਮੁਕਤ ਨਹੀਂ ਹੋ ਸਕੇਗਾ। ਏਥੇ ਉਤਾਰ-ਚੜਾਅ ਚਲਦੇ ਹੀ ਰਹਿਣਗੇ। ਏਸੇ ਲਈ 2008 ਤੋਂ ਆਰੰਭ ਹੋਏ ਮੌਜੂਦਾ ਆਲਮੀ ਆਰਥਕ ਮੰਦਵਾੜੇ ਤੋਂ ਬਾਅਦ ਦੁਨੀਆਂ ਭਰ ਦੇ ਆਰਥਕ-ਮਾਹਰਾਂ ਨੇ ਮੁੜ ਕਾਰਲ ਮਾਰਕਸ ਦੀਆਂ ਲਿਖਤਾਂ ਨੂੰ ਨਵੇਂ ਸਿਰੇ ਤੋਂ ਹੰਗਾਲਣਾ ਸ਼ੁਰੂ ਕਰ ਦਿੱਤਾ ਹੈ। ਐਪਰ ਉਹਨਾਂ ਦੀ ਇਹ ਨਵੀਂ ਦਿਲਚਸਪੀ ਪਹਿਲਾਂ ਨਾਲ ਇਸ ਗੱਲੋਂ ਵੱਖਰੀ ਹੈ ਕਿ ਉਦੋਂ ਸਿਰਫ ਮਾਰਕਸ ਨੂੰ ਅਕੈਡਮਿਕ ਦ੍ਰਿਸ਼ਟੀਕੋਨ ਤੋਂ ਹੀ ਪੜ੍ਹਿਆ ਜਾਂਦਾ ਸੀ। ਪ੍ਰੰਤੂ ਹੁਣ ਇਹ ਦਿਲਚਸਪੀ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਘੋਲਾਂ ਤੋਂ ਉਤਪੰਨ ਹੋ ਰਹੀ ਸਮਾਜਿਕ ਤੇ ਸਿਆਸੀ ਊਰਜਾ ਦੀ ਉਪਜ ਹੈ। ਏਸੇ ਲਈ ਦੁਨੀਆਂ ਭਰ ਵਿਚ ਸਮਾਜਿਕ ਆਰਥਕ ਤਬਦੀਲੀ ਦੇ ਇਸ ਯੁੱਧ ਵਿਚ ਮਾਰਕਸਵਾਦ ਦਾ ਬਹੁਪੱਖੀ ਨੁਕਤਾ-ਨਜ਼ਰ ਪੂਰੀ ਤਰ੍ਹਾਂ ਉਜਾਗਰ ਹੋ ਰਿਹਾ ਹੈ ਅਤੇ ਆਰਥਕ ਲੁੱਟ-ਖਸੁੱਟ ਵਿਰੁੱਧ ਚੱਲ ਰਹੇ ਸੰਘਰਸ਼ ਅਤੇ ਸਮਾਜਿਕ ਤੇ ਰਾਜਨੀਤਕ ਪੱਖੋਂ ਦਰੜੇ ਜਾ ਰਹੇ ਲੋਕਾਂ ਦੇ ਘੋਲ ਇਕਸੁਰ ਤੇ ਇਕਜੁਟ ਹੋ ਰਹੇ ਹਨ, ਜਿਹੜੇ ਕਿ ਮਾਰਕਸਵਾਦ ਦੀ ਸਦੀਵੀਂ ਸਾਰਥਕਤਾ ਨੂੰ ਹੋਰ ਵਧੇਰੇ ਪ੍ਰਮਾਣਿਕਤਾ ਪ੍ਰਦਾਨ ਕਰ ਰਹੇ ਹਨ।
ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਲਖਵਿੰਦਰ ਜੌਹਲ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸੈਮੀਨਾਰ ਦੇ ਕੀਤੇ ਗਏ ਇਸ ਉਦਮ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਕਾਰਲ ਮਾਰਕਸ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਉਹਨਾਂ ਉਪਰ ਅਮਲ ਤਿੱਖਾ ਕਰਨ ਲਈ ਸਰੋਤਿਆਂ ਨੂੰ ਜ਼ੋਰਦਾਰ ਪ੍ਰੇਰਨਾ ਦਿੱਤੀ।
ਡਾ. ਗੋਪਾਲ ਜੀ ਨੇ ਸਰੋਤਿਆਂ ਵਲੋਂ ਉਠਾਏ ਗਏ ਪ੍ਰਸ਼ਨਾਂ ਦੇ ਵੀ ਬੜੇ ਤਰਕਸੰਗਤ ਢੰਗ ਨਾਲ ਉਤਰ ਦਿੱਤੇ।
ਅੰਤ ਵਿਚ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਵਿਚ ਆਏ ਵਿਦਵਾਨ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਮਹਾਨ ਮਾਰਕਸ ਵਲੋਂ ਦਰਸਾਏ ਕਿਰਤੀ ਲੋਕਾਂ ਦੀ ਬੰਦ ਖਲਾਸੀ ਦੇ ਮਾਰਗ ਉਪਰ ਦਰਿੜ੍ਹਤਾ ਪੂਰਵਕ ਢੰਗ ਨਾਲ ਤੁਰਦੇ ਰਹਿਣ ਦਾ ਪ੍ਰਣ ਦ੍ਰਿੜ੍ਹਾਇਆ।