sangrami lehar

ਜਮਹੂਰੀ ਕਿਸਾਨ ਸਭਾ ਵੱਲੋਂ ਲਲਤੋਂ ਪਾਵਰਕਾਮ ਦਫਤਰ ਅੱਗੇ ਪ੍ਰਦਰਸ਼ਨ

  • 09/06/2018
  • 12:53 PM

ਜੋਧਾਂ : ਬਿਜਲੀ ਦੀ ਰੈਗੂਲਰ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਹ ਤੇ ਬੇਚੈਨੀ ਪਾਈ ਜਾ ਰਹੀ ਹੈ ਜਿਸ ਕਾਰਨ ਆਏ ਦਿਨ ਕਿਸਾਨਾਂ ਵੱਲੋਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੇ ਦਫਤਰ ਅੱਗੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸੇ ਦੇ ਤਹਿਤ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਯੂਨੀਟ ਹਿਮਾਂਯੂੰਪੁਰਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਲਲਤੋਂ ਕਲਾਂ ਦੇ ਐਕਸੀਅਨ ਜਗਮੋਹਣ ਸਿੰਘ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਂਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਤਹਿਸੀਲ ਸਕੱਤਰ ਅਮਰਜੀਤ ਸਹਿਜਾਦ, ਸੀ.ਟੀ.ਯੂ. ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦਾ ਖਮਿਆਜ਼ਾ ਕਿਸਾਨਾਂ ਦੇ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਨਾਕਸ ਪ੍ਰਬੰਧਾਂ, ਜਿਨ੍ਹਾਂ ਵਿਚ ਤਾਰਾਂ 'ਤੇ ਟ੍ਰਾਂਸਫਾਰਮਰ ਖਸਤਾ ਹਾਲਤ, ਬਿਜਲੀ ਕਾਮਿਆਂ ਦੀ ਦਫਤਰਾਂ ਵਿਚ ਘਾਟ ਕਾਰਨ ਘਰੇਲੂ ਤੇ ਖੇਤੀਬਾੜੀ ਮੋਟਰਾਂ ਲਈ ਸਪਲਾਈ ਨਾਮਾਤਰ ਹੋ ਕੇ ਰਹਿ ਗਈ ਹੈ। ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਆਪਣੀਆਂ ਫਸਲਾਂ ਦੀ ਸਿੰਚਾਈ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਪਰ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਹਿਮਾਂਯੂੰਪੁਰਾ ਨੂੰ ਬਿਜਲੀ ਦੀ ਸਪਲਾਈ ਕਰਨ ਵਾਲਾ ਖੇੜੀ-ਝਮੇੜੀ ਫੀਡਰ ਕਈ ਦਿਨਾਂ ਤੋਂ ਖਰਾਬ ਹੈ ਪਰ ਮਹਿਕਮੇ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਇਸ ਦੀ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ। ਜੇਕਰ ਇਹ ਠੀਕ ਨਾ ਹੋਇਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਪ੍ਰਦਰਸ਼ਨ ਦੀ ਅਗਵਾਈ ਗੁਰਮੇਲ ਸਿੰਘ ਪੰਚ, ਪਿਆਰਾ ਸਿੰਘ ਨੰਬਰਦਾਰ, ਰਾਜੂ ਗਰੇਵਾਲ, ਕੁਲਦੀਪ ਸਿੰਘ ਬਿੱਲਾ, ਦਰਸ਼ਨ ਸਿੰਘ, ਮਾਘੀ ਸਿੰਘ ਪ੍ਰਧਾਨ, ਇੰਦਰਜੀਤ ਸਿੰਘ, ਟਹਿਲ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਦੋਧੀ, ਸ਼ਿੰਗਾਰਾ ਸਿੰਘ, ਹਰਦੇਵ ਸਿੰਘ ਸਾਬਕਾ ਪੰਚ, ਰਾਮ ਸਿੰਘ ਆਦਿ ਵੱਲੋਂ ਕੀਤੀ ਗਈ।