sangrami lehar

9 ਜੂਨ ਤੋ 18 ਜੂਨ ਤੱਕ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ' ਤਹਿਤ ਸੰਘਰਸ਼ ਕਰਨ ਦਾ ਐਲਾਨ

  • 08/06/2018
  • 03:37 PM

ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨੀ ਮੰਗਾਂ ਲਈ 9 ਜੂਨ ਤੋ 18 ਜੂਨ ਤੱਕ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ' ਤਹਿਤ 10 ਰੋਜਾ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਰਘਬੀਰ ਸਿੰਘ ਪਕੀਵਾ ਨੇ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਬਹੁ ਕੌਮੀ ਕੰਪਨੀਆਂ ਲਈ ਕੰਮ ਕਰ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਾਹੀਂ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਕੇ ਅੰਬਾਨੀਆ ਦੀਆਂ ਤਿਜੌਰੀਆਂ ਭਰੀਆਂ ਜਾ ਰਹੀਆਂ ਹੈ। ਖੇਤੀ ਕਿੱਤੇ ਵਿੱਚ ਲਾਗਤ ਖਰਚੇ ਵੱਧਣ ਕਾਰਣ ਖੇਤੀ ਘਾਟੇ ਵਿੱਚ ਜਾ ਰਹੀ ਹੈ। ਕਰਜ਼ੇ ਦੇ ਭਾਰ ਹੇਠ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕਿਸਾਨਾਂ ਦੇ ਗੰਨੇ ਦੇ ਬਕਾਏ ਅਦਾ ਨਹੀ ਕੀਤੇ  ਜਾ ਰਹੇ।।ਉਹਨਾਂ ਅੱਗੇ ਕਿਹਾ ਕਿ ਫਸਲਾਂ ਦੇ ਭਾਅ ਲਾਹੇਵੰਦੇ ਨਹੀਂ ਦਿੱਤੇ ਜਾ ਰਹੇ। ਫਸਲਾਂ ਦੀ ਖਰੀਦ ਦੀ ਗਰੰਟੀ ਕਰਦਾ ਮੰਡੀ ਪ੍ਰਬੰਧ ਤੋੜਿਆ ਜਾ ਰਿਹਾ ਹੈ। ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕੇ ਪੰਜਾਬ ਦੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਜਹਿਰੀਲਾ ਅਤੇ ਪਰਦੂਸ਼ਤ ਕਰਨ ਵਿਰੁੱਧ 9 ਜੂਨ ਨੂੰ ਸ਼ਰਾਬ ਫੈਕਟਰੀ ਲੌਹਕਾ (ਤਰਨ ਤਾਰਨ) ਵਿਖੇ ਧਰਨਾ ਲਾਕੇ ਪ੍ਰਦੂਸ਼ਨ ਖਿਲਾਫ ਅਵਾਜ ਬਲੰਦ ਕੀਤੀ ਜਾਵੇਗਾ।।ਉਹਨਾਂ ਦੱਸਿਆ ਕੇ ਗੰਨਾ ਉਤਪਾਦਕ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁੱਖੀ, ਗੰਨੇ ਦੇ ਬਕਾਇਆ ਦੀ ਪ੍ਰਾਪਤੀ ਅਤੇ ਗੰਨੇ ਦੀ ਫਸਲ ਅਤੇ ਮਿੱਲਾਂ ਪ੍ਰਤੀ ਠੋਸ ਸਰਕਾਰੀ ਨੀਤੀ ਦੀ ਮੰਗ ਨੂੰ ਲੈ ਕੇ 14 ਜੂਨ ਨੂੰ ਪੰਜਾਬ ਭਰ ਵਿੱਚ ਮੰਗ ਪੱਤਰ ਦਿੱਤੇ ਜਾਣਗੇ।।
ਸਾਥੀ ਜਾਮਾਰਾਏ ਨੇ ਦੱਸਿਆ ਕਿ ਮੀਟਿੰਗ ਨੇ ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਐਲਾਨਣ ਦੇ ਫੈਸਲੇ ਨੂੰ ਰੱਦ ਕਰਦਿਆ, ਇਸਨੂੰ ਕਿਸਾਨ ਵਿਰੋਧੀ ਫੈਸਲਾ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਝੋਨਾ ਲਾਉਣ ਲਈ ਪਹਿਲਾਂ ਦੀ ਤਰ੍ਹਾਂ ਸਮਾਂ ਸੀਮਾ ਜਾਰੀ ਰੱਖੀ ਜਾਵੇ ਅਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਵਿੱਚ ਦਸ ਰੋਜਾ ਸੰਘਰਸ਼ ਦੌਰਾਨ ਬਿਜਲੀ ਦਫਤਰਾਂ ਤੇ ਨਹਿਰੀ ਦਫਤਰਾਂ ਅੱਗੇ ਧਰਨੇ ਲਾ ਕੇ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ  ਦੀ ਮੰਗ ਕੀਤੀ ਜਾਵੇਗੀ।
ਪੈਟਰੋਲ-ਡੀਜ਼ਲ ਦੀਆਂ ਰੋਜ਼ਾਨਾ ਵੱਧ ਰਹੀਆ ਕੀਮਤਾਂ ਵਿਰੁੱਧ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਐਕਸਾਈਜ਼ ਡਿਉਟੀ ਅਤੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋ ਵੈਟ ਜਾਰੀ ਰੱਖਣ ਖਿਲਾਫ 17 ਜੂਨ ਨੂੰ ਪੰਜਾਬ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਕੇ ਕਿਸਾਨਾਂ ਲਈ ਅੱਧੇ ਮੁੱਲ ਉੱਪਰ ਖੇਤੀ ਲਈ ਡੀਜ਼ਲ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਭੀਮ ਸਿੰਘ ਆਲਮਪੁਰ, ਮੋਹਣ ਸਿੰਘ ਧਮਾਣਾ, ਦਵਿੰਦਰ ਸਿੰਘ ਹੁਸ਼ਿਆਰਪੁਰ, ਅਰਸਾਲ ਸਿੰਘ ਸੰਧੂ, ਮਨੋਹਰ ਸਿੰਘ ਗਿੱਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

(sangrami lehar. com team)