sangrami lehar

ਨਸ਼ੇ ਕਾਰਨ ਹੋਈ ਮੌਤ ਉਪੰਰਤ ਪ੍ਰਬੰਧਕੀ ਕੰਪਲੈਕਸ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ

  • 07/06/2018
  • 08:11 PM

ਤਰਨ ਤਾਰਨ : ਇਲਾਕੇ ਦੇ ਕਸਬਾ ਫਤਹਿਬਾਦ ਦੇ 35 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਕਾਲਾ ਦੀ ਜ਼ਿਆਦਾ ਨਸ਼ਾ ਕਰਨ ਨਾਲ ਹੋਈ ਮੌਤ ਖ਼ਿਲਾਫ਼ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਇਲਾਕੇ ਦੇ ਵਾਸੀਆਂ ਸਮੇਤ ਉਸ ਦੀ ਲਾਸ਼ ਲੈ ਕੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦੇ ਕੇ ਨਸ਼ਿਆਂ ਦੇ ਵਪਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਸੁਖਜਿੰਦਰ ਸਿੰਘ ਦੀ ਬੀਤੀ ਸ਼ਾਮ ਗੋਇੰਦਵਾਲ ਸਾਹਿਬ ਵਿਖੇ ਕਥਿਤ ਤੌਰ 'ਤੇ ਨਸ਼ਾ ਕਰਨ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ। ਧਰਨਾਕਾਰੀਆਂ ਦੀ ਅਗਵਾਈ ਪਾਰਟੀ ਦੇ ਆਗੂ ਜਸਪਾਲ ਸਿੰਘ ਝਬਾਲ ਅਤੇ ਬਲਦੇਵ ਸਿੰਘ ਪੰਡੋਰੀ ਨੇ ਕੀਤੀ। ਆਗੂਆਂ ਨੇ ਕਿਹਾ ਕਿ ਕਸਬਾ ਗੋਇੰਦਵਾਲ ਸਾਹਿਬ ਨਸ਼ਿਆਂ ਦੇ ਵਿਕਰੇਤਾਵਾਂ ਦੀ ਇਕ ਮੰਡੀ ਬਣ ਗਿਆ ਹੈ, ਜਿਥੇ ਦੂਰ-ਦੂਰ ਤੋਂ ਨਸ਼ਾ ਕਰਨ ਵਾਲੇ ਆਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੁਖਜਿੰਦਰ ਸਿੰਘ ਨੇ ਜਿਵੇਂ ਹੀ ਗੋਇੰਦਵਾਲ ਸਾਹਿਬ ਦੇ ਇਕ ਦੁਕਾਨ ਤੋਂ ਨਸ਼ੇ ਦਾ ਟੀਕਾ ਲੈ ਕੇ ਲਗਾਇਆ ਤਾਂ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲੀਸ ਵਲੋਂ ਨਸ਼ੇ ਵੇਚਣ ਵਾਲਿਆਂ ਖਿਲਾਫ਼ ਹਾਕਮ ਧਿਰ ਦੇ ਇਸ਼ਾਰਿਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਰਕੇ ਇਲਾਕੇ ਅੰਦਰ ਨਸ਼ਿਆਂ ਦੀ ਵਿਕਰੀ ਖੁੱਲ੍ਹੇ ਆਮ ਹੋ ਰਹੀ ਹੈ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ਤੇ ਐਸਪੀ (ਇਨਵੈਸਟੀਗੇਸ਼ਨ) ਤਿਲਕ ਰਾਜ ਅਤੇ ਡੀਐਸਪੀ ਸੋਹਣ ਸਿੰਘ ਨੇ ਆ ਕੇ ਅਜਿਹੇ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਯਕੀਨ ਦਿੱਤਾ, ਜਿਸ 'ਤੇ ਧਰਨਾ ਚੁੱਕ ਲਿਆ। ਇਸ ਮੌਕੇ ਪਾਰਟੀ ਦੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਦੂਜੇ ਪਾਸੇ ਕੈਮਿਸਟ ਖ਼ਿਲਾਫ਼ ਦਫ਼ਾ 304 ਅਧੀਨ ਇਕ ਕੇਸ ਦਰਜ ਕਰ ਲਿਆ ਗਿਆ ਹੈ।

(sangrami lehar. com team)