sangrami lehar

ਕਿਸਾਨ ਅੰਦੋਲਨ ਨੇ ਛੋਟੀ ਕਿਸਾਨੀ ਨਾਲ ਪਾੜਾ ਪਾਉਣ ਦਾ ਕੰਮ ਆਰੰਭਿਆ

  • 03/06/2018
  • 08:49 PM

ਜਲੰਧਰ- ਜਮਹੂਰੀ ਕਿਸਾਨ ਸਭਾ ਨੇ ਦੇਸ਼ ਭਰ 'ਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਇੱਥੋਂ ਜਾਰੀ ਇੱਕ ਬਿਆਨ 'ਚ ਕਿਹਾ ਕਿ ਇਸ ਅਖੌਤੀ ਅੰਦੋਲਨ ਨਾਲ ਛੋਟੇ ਕਿਸਾਨ ਦਾ ਨੁਕਸਾਨ ਅਤੇ ਸ਼ਹਿਰਾਂ 'ਚ ਰਹਿਣ ਵਾਲੇ ਗ਼ਰੀਬਾਂ ਦੀ ਜ਼ਿੰਦਗੀ ਦੁੱਭਰ ਬਣ ਕੇ ਰੱਖ ਦਿੱਤੀ ਹੈ, ਜਦੋਂ ਕਿ ਕਿਸਾਨਾਂ ਦੇ ਸਾਰੇ ਮਸਲੇ ਸਰਕਾਰਾਂ ਨੇ ਹੱਲ ਕਰਨੇ ਹੁੰਦੇ ਹਨ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਸ ਅੰਦੋਲਨ ਵੱਲੋਂ ਸਰਕਾਰ 'ਤੇ ਹਮਲਾ ਨਹੀਂ ਕੀਤਾ ਜਾ ਰਿਹਾ। ਸਭਾ ਦੇ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਵੱਲੋਂ ਜਾਰੀ ਕੀਤੇ ਇਸ ਬਿਆਨ 'ਚ ਅੱਗੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਅਤੇ ਕਰਜ਼ੇ ਮੁਆਫ਼ ਕਰਵਾਉਣ ਲਈ ਪਹਿਲਾ ਹੀ 193 ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਚੱਲ ਰਿਹਾ ਹੈ। ਅਤੇ, ਦੂਜੇ ਪਾਸੇ ਆਮ ਤੌਰ 'ਤੇ ਸਰਕਾਰਾਂ ਦਾ ਨਿੱਘ ਮਾਨਣ ਵਾਲੀਆਂ ਕੁੱਝ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਖ਼ਿਲਾਫ਼ ਆਪਣਾ ਮੋਰਚਾ ਲਾਉਣ ਦੀ ਥਾਂ ਕਿਸਾਨਾਂ 'ਤੇ ਹਮਲੇ ਕਰਨ ਦਾ ਕੰਮ ਆਰੰਭ ਦਿੱਤਾ ਹੈ। ਪ੍ਰੈੱਸ ਬਿਆਨ 'ਚ ਅੱਗੇ ਕਿਹਾ ਕਿ ਮਾਲਾ 'ਚ ਅਮੀਰ ਲੋਕਾਂ ਨੂੰ ਸਾਰਾ ਕੁੱਝ ਮਿਲ ਰਿਹਾ ਹੈ ਅਤੇ ਇਸ ਦੇ ਮੁਕਾਬਲੇ ਗ਼ਰੀਬ ਸ਼ਹਿਰੀ ਸਜ਼ਾ ਭੁਗਤ ਰਿਹਾ ਹੈ। ਦੁੱਧ ਡੋਲ੍ਹਣ ਅਤੇ ਸਬਜ਼ੀਆਂ ਖਿਲਾਰਨ ਵਰਗੇ ਹੋਛੇ ਕੰਮਾਂ 'ਤੇ ਟਿੱਪਣੀ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦਾ ਨੁਕਸਾਨ ਛੋਟੇ ਕਿਸਾਨਾਂ ਨੂੰ ਹੀ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੁੱਧ ਦੇ ਭਾਅ ਨਹੀਂ ਮਿਲ ਰਹੇ ਅਤੇ ਸਬਜ਼ੀਆਂ ਦੇ ਨਾਂ 'ਤੇ ਕਿਸਾਨਾਂ ਦੀ ਲੁੱਟ ਹੁੰਦੀ ਹੈ ਪਰ ਇਨ੍ਹਾਂ ਵਸਤਾਂ ਦਾ ਮੰਡੀਕਰਨ ਰੋਕ ਕੇ ਛੋਟੀ ਕਿਸਾਨੀ ਦਾ ਗਲ ਘੁੱਟਿਆਂ ਜਾ ਰਿਹਾ ਹੈ, ਜਦੋਂ ਕਿ ਅਜਿਹੀ ਲੁੱਟ ਹਰ ਫ਼ਸਲ ਦੀ ਹੁੰਦੀ ਹੈ। ਆਗੂਆਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਅੰਦੋਲਨ ਤੋਂ ਇਨ੍ਹਾਂ ਅਖੌਤੀ ਕਿਸਾਨ ਜਥੇਬੰਦੀਆਂ ਨੂੰ ਸਬਕ ਲੈਣਾ ਚਾਹੀਦਾ ਸੀ, ਜਿੱਥੇ ਸ਼ਹਿਰ ਦੇ ਲੋਕਾਂ ਨੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸੀ। ਆਗੂਆਂ ਨੇ ਅੱਗੇ ਕਿਹਾ ਕਿ ਜਦੋਂ ਇਹ ਕਿਸਾਨ ਆਗੂ ਝੰਡੀ ਵਾਲੀਆਂ ਕਾਰਾਂ ਦੇ ਹੂਟੇ ਲੈਂਦੇ ਸਨ, ਉਸ ਵੇਲੇ ਇਨ੍ਹਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਕਿਤੇ ਵੀ ਯਾਦ ਨਹੀਂ ਆਈਆਂ। ਕਿਸਾਨ ਆਗੂਆਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਜਥੇਬੰਦੀਆਂ ਦੀਆਂ ਚਾਲਾਂ 'ਚ ਨਾ ਫਸਣ, ਜਿਹੜੀਆਂ ਜਥੇਬੰਦੀਆਂ ਕਿਸਾਨਾਂ ਨੂੰ ਆਪਸ 'ਚ ਵੀ ਲੜਾਉਂਦੀਆਂ ਹੋਣ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਂ 'ਤੇ ਵੀ ਵੰਡੀਆਂ ਪਾ ਰਹੀਆਂ ਹੋਣ।