sangrami lehar

ਔਰਤਾਂ 'ਤੇ ਵੱਧ ਰਹੇ ਅੱਤਿਆਚਾਰਾਂ ਵਿਰੁੱਧ ਆਰ.ਐਮ.ਪੀ.ਆਈ ਵੱਲੋਂ ਅਜਨਾਲਾ ਵਿਖੇ ਵਿਸ਼ਾਲ ਕਾਨਫ਼ਰੰਸ

  • 31/05/2018
  • 06:59 PM

ਅਜਨਾਲਾ :ਸਮਾਜ ਸੇਵਿਕਾ ਬੀਬੀ ਗੁਰਮੀਤ ਕੌਰ ਸੂਫੀਆਂ ਦੀ ਛੇਵੀਂ ਬਰਸੀ ਮੌਕੇ 'ਮੰਨੂਵਾਦੀ ਮਾਨਸਿਕਤਾ' ਕਾਰਨ ਔਰਤਾਂ 'ਤੇ ਵੱਧ ਰਹੇ ਅੱਤਿਆਚਾਰਾਂ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਅਜਨਾਲਾ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਇਲਾਕੇ ਭਰ ਵਿਚੋਂ ਸੈਂਕੜੇ ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੇ ਆਪਣੇ ਹੱਥਾਂ 'ਚ ਪਾਰਟੀ ਦੇ ਝੰਡੇ ਮਾਟੋ ਲੈ ਕੇ ਅਕਾਸ਼ ਗੁੰਜਾਊ ਨਾਅਰੇ ਮਾਰਦੇ ਹੋਏ ਆਪਣੀ ਹਰਮਨ ਪਿਆਰੀ ਆਗੂ ਬੀਬੀ ਗੁਰਮੀਤ ਕੌਰ ਸੂਫੀਆਂ ਤੇ ਉਨ੍ਹਾਂ ਦੀ ਯੁੱਧ ਸਾਥਣ ਬੀਬੀ ਕੰਵਲਜੀਤ ਕੌਰ ਉਮਰਪੁਰਾ ਤੇ ਉੱਘੇ ਸਮਾਜ ਸੇਵਕ ਕਾਮਰੇਡ ਰਾਜੇਸ਼ਵਰ ਸਿੰਘ ਚਮਿਆਰੀ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ। ਇਨ੍ਹਾਂ ਨੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਖ਼ਾਤਰ ਲੜੇ ਜਾ ਰਹੇ ਸੰਘਰਸ਼ਾਂ ਹਿਤ ਸੰਗਰਾਮੀ ਲਹਿਰਾਂ ਉਸਾਰਨ ਅਤੇ ਸਮਾਜਿਕ ਇਨਸਾਫ਼ ਦੀ ਲੜਾਈ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ। ਕਾਨਫ਼ਰੰਸ ਦੀ ਪ੍ਰਧਾਨਗੀ ਪਾਰਟੀ ਦੇ ਪ੍ਰਮੁੱਖ ਆਗੂਆਂ ਸਾਹਿਬ ਸਿੰਘ ਠੱਠੀ, ਵਿਰਸਾ ਸਿੰਘ ਟਪਿਆਲਾ, ਬੀਬੀ ਕਸ਼ਮੀਰ ਕੌਰ ਦੁਧਰਾਏ, ਸੁੱਚਾ ਸਿੰਘ ਘੋਗਾ ਤੇ ਸੁਰਜੀਤ ਸਿੰਘ ਭੂਰੇਗਿੱਲ ਨੇ ਕੀਤੀ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਅੰਦਰ ਤਿੱਖੇ ਰੂਪ ਵਿਚ ਵੱਧ ਰਹੀ ਮੰਦਹਾਲੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਆਦਿ ਦੇਸ਼ ਦੇ ਹਾਕਮਾਂ ਦੀਆਂ ਸਰਮਾਏਦਾਰ-ਜਗੀਰਦਾਰ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੀ ਹਨ ਅਤੇ ਇਨ੍ਹਾਂ ਨੀਤੀਆਂ ਦਾ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ, ਕਾਂਗਰਸ ਤੇ ਹੋਰ ਸਰਮਾਏਦਾਰ ਪਾਰਟੀਆਂ ਇਕ ਮੂੰਹ ਹੋ ਕੇ ਸਮਰਥਨ ਕਰ ਰਹੀਆਂ ਹਨ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਰ.ਐਸ.ਐਸ. ਦੇ ਏਜੰਡੇ ਤੇ ਚਲਦੀ ਹੋਈ ਲੋਕਾਂ ਦਾ ਬੁਨਿਆਦੀ ਮਸਲਿਆਂ ਤੋਂ ਧਿਆਨ ਲਾਂਭੇ ਲਿਜਾਣ ਲਈ ਫਿਰਕੂ-ਫਾਸ਼ੀਵਾਦ, ਮੁੱਦੇ ਖੜੇ ਕਰ ਰਹੀ ਹੈ। ਜਿਸ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ 'ਤੇ ਆਧਾਰਤ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰਕੇ ਦੇਸ਼ ਵਿਚੋਂ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਲੋਕਾਂ ਦੀਆਂ ਹੋਰ ਤੰਗੀਆਂ-ਤੁਰਸ਼ੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ, ਪੰਜਾਬ ਦੇ 61 ਲੱਖ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਲਈ ਤਰਸ ਰਹੇ ਹਨ। ਕਿਸਾਨਾਂ ਦੇ ਸਮੁੱਚੇ ਕਰਜ਼ੇ ਰੱਦ ਨਹੀਂ ਕੀਤੇ ਗਏ, ਜਿਸ ਕਾਰਨ ਪਿਛਲੇ ਇਕ ਸਾਲ ਤੋਂ ਖੁਦਕਸ਼ੀਆ ਵਿਚ ਵਾਧਾ ਹੋ ਰਿਹਾ ਹੈ। ਨਸ਼ੇ ਦੀ ਹਾਲਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ, ਅਮਨ ਕਨੂੰਨ ਦੀ ਹਾਲਤ ਵਿਗੜਦੀ ਜਾਰੀ ਹੈ, ਗੈਂਗਸਟਰ ਦਿਨ ਦਿਹਾੜੇ ਦਨ-ਦਨਾ ਰਹੇ ਹਨ। ਅਜਿਹੀ ਅਵਸਥਾ 'ਚ ਉਕਤ ਸਮਾਜ ਸੇਵਿਕਾ ਨੂੰ ਇਹੋ ਹੀ ਸ਼ਰਧਾਂਜਲੀਆਂ ਹਨ ਕਿ ਇੰਨਾ ਦੀ ਤਰ੍ਹਾਂ ਸੰਘਰਸ਼ਾਂ ਦੇ ਪਿੜ ਮਲੀਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰੇਤ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀਆ ਸਰਕਾਰਾਂ ਖੇਤੀ ਸੈਕਟਰ ਨੂੰ ਅਣਗੌਲਿਆ ਕਰ ਰਹੀਆਂ ਹਨ, ਜਿਸ ਵਿਚ ਪੂੰਜੀ ਨਿਵੇਸ਼ ਲਗਾਤਾਰ ਘਟਾਇਆ ਜਾ ਰਿਹਾ ਹੈ ਤੇ ਵਿਸ਼ਵ ਵਪਾਰ ਸੰਸਥਾ ਦੀਆਂ ਕਿਸਾਨ ਵਿਰੋਧੀ ਧਰਾਵਾਂ ਲਾਗੂ ਕਰਦਿਆਂ ਖੇਤੀ ਸਬਸਿਡੀਆਂ ਘਟਾਈਆਂ ਜਾ ਰਹੀਆ ਹਨ, ਖੇਤੀ ਖੋਜ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾ 'ਚ ਦੇਣ ਨਾਲ ਪਿਛਲੇ ਵੀਹ ਸਾਲਾਂ ਤੋਂ ਖੇਤੀ ਪੈਦਾਵਾਰ ਵਿਚ ਖੜੋਤ ਹੈ।।ਇਨ੍ਹਾਂ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਬਚਾਉਣ ਲਈ ਡਾ. ਸੁਵਾਮੀਨਾਥਨ ਦੇ ਫ਼ਾਰਮੂਲੇ ਅਨੁਸਾਰ ਸਮੂਹ ਫ਼ਸਲਾਂ ਦੇ ਭਾਅ ਦਿੱਤੇ ਜਾਣ, ਖੁੱਲ੍ਹੀ ਮੰਡੀ ਦੀ ਕਿਸਾਨ ਵਿਰੋਧੀ ਤਜਵੀਜ਼ ਤੁਰੰਤ ਬੰਦ ਕੀਤੀ ਜਾਵੇ, ਖੇਤ ਨੂੰ ਇਕਾਈ ਮੰਨਦਿਆਂ ਫ਼ਸਲਾਂ ਦੇ ਖ਼ਰਾਬੇ ਦਾ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ। ਖੇਤੀ ਸੰਕਟ ਦੇ ਸਥਾਈ ਹੱਲ ਲਈ ਤਿੱਖੇ ਜ਼ਮੀਨੀ ਸੁਧਾਰ ਕੀਤੇ ਜਾਣ ਤੇ ਹਰ ਕਿਸਮ ਦੇ ਅਬਾਦਕਾਰਾਂ ਦੀਆ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਤੇ ਨਹਿਰੀ ਪ੍ਰਬੰਧ ਮਜ਼ਬੂਤ ਕੀਤਾ ਜਾਵੇ। ਇਸ ਸਮੇਂ ਇਕੱਠ 'ਚ ਬੋਲਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਤੇ ਦਿਹਾਤੀ ਮਜ਼ਦੂਰ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਤੇ ਸੀਨੀਅਰ ਆਗੂ ਅਮਰਜੀਤ ਸਿੰਘ ਭੀਲੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਗ਼ਰੀਬਾਂ ਨੂੰ ਸਵੱਛ ਪਾਣੀ ਦੇਣ ਵਿਚ ਅਸਫਲ ਰਹੀ ਹੈ। ਇਸ ਤਰ੍ਹਾਂ ਗ਼ਰੀਬੀ ਲਈ ਚੰਗੇਰੀ ਵਿੱਦਿਆ, ਸਿਹਤ ਸੇਵਾਵਾਂ ਉਪਲਬਧ ਕਰਾਉਣ ਤੋਂ ਸਰਕਾਰ ਭੱਜ ਗਈ ਹੈ। ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਾਈਵੇਟ, ਕਾਰਪੋਰੇਟ ਹੱਥਾਂ ਵਿਚ ਦਿੱਤਾ ਜਾ ਰਿਹਾ ਹੈ, ਸਮਾਜਕ ਸੇਵਾਵਾਂ ਦੇਣ ਤੋਂ ਕੇਂਦਰ ਤੇ ਪੰਜਾਬ ਸਰਕਾਰਾਂ ਪਾਸਾ ਵੱਟ ਗਈਆਂ ਹਨ। ਅਜਿਹੀ ਅਵਸਥਾਂ 'ਚ ਗ਼ਰੀਬਾਂ ਤੇ ਲੋੜਵੰਦਾਂ ਨੂੰ ਲੜਨ ਤੋਂ ਬਗੈਰ ਕੋਈ ਚਾਰਾ ਨਹੀਂ ਹੈ,।ਜਿਸ ਲਈ ਜਨਤਕ ਲਾਮਬੰਦੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਕੱਠ 'ਚ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਨੌਜਵਾਨਾਂ ਲਈ ਸਿੱਖਿਆ, ਸਿਹਤ ਤੇ ਰੁਜ਼ਗਾਰ ਦੀ ਗਰੰਟੀ ਲਈ ਨੌਜਵਾਨਾਂ ਨੂੰ ਆਪਣੀ ਲਾਮਬੰਦੀ ਕਰਕੇ ਉਕਤ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਮੈਦਾਨ ਵਿਚ ਆਉਣਾ ਚਾਹੀਦਾ ਹੈ। ਔਰਤਾਂ ਦੇ ਹੱਕਾਂ ਦੀ ਰਾਖੀ ਲਈ ਜਨਵਾਦੀ ਇਸਤਰੀ ਸਭਾ ਅਜਨਾਲਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜਾਦਾ ਤੇ ਜਨਰਲ ਸਕੱਤਰ ਬੀਬੀ ਸਰਬਜੀਤ ਕੌਰ ਜਸਰਾਊਰ ਨੇ ਕਿਹਾ ਕਿ ਮੋਦੀ ਸਰਕਾਰ ਔਰਤਾਂ ਪ੍ਰਤੀ ਮੰਨੂਵਾਦੀ ਗ਼ੁਲਾਮ ਮਾਨਸਿਕਤਾ ਨੂੰ ਮੁੜ ਸੁਰਜੀਤ ਕਰਕੇ ਔਰਤਾਂ ਨੂੰ ਗ਼ੁਲਾਮੀ ਵੱਲ ਧੱਕਣਾ ਚਾਹੁੰਦੀ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਪੂੰਜੀਵਾਦੀ ਲੁੱਟ ਵਿਰੁੱਧ ਔਰਤਾਂ ਤੇ ਹੋਰ ਵਰਗਾਂ ਦੀ ਚੇਤਨਤਾ ਨੂੰ ਮੁੜ ਵਿਕਸਤ ਕਰਨ ਲਈ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਤੇ ਬਲਾਤਕਾਰਾਂ ਵਿਰੁੱਧ ਲੜਾਈ ਦੇ ਮੈਦਾਨ ਮੱਲਣੇ ਚਾਹੀਦੇ ਹਨ,।ਇਹੋ ਸਾਡੀਆਂ ਇਨ੍ਹਾਂ ਜੁਝਾਰੂ ਭੈਣਾਂ ਨੂੰ ਸ਼ਰਧਾਂਜਲੀ ਹੋਵੇਗੀ।।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਚੱਕ ਔਲ, ਹਰਜਿੰਦਰ ਸਿੰਘ ਸੋਹਲ, ਰਜਿੰਦਰ ਸਿੰਘ ਭਲਾ ਪਿੰਡ, ਗੁਲਜਾਰ ਸਿੰਘ ਖਿਆਲਾ, ਬਲਬੀਰ ਸਿੰਘ ਕੱਕੜ, ਸਰਦੂਲ ਸਿੰਘ ਤੇੜਾ, ਤਰਸੇਮ ਸਿੰਘ ਕਾਮਲਪੁਰਾ, ਨੰਬਰਦਾਰ ਦਿਲਬਾਗ ਸਿੰਘ ਮਾਕੋਵਾਲ, ਗੁਰਭੇਜ ਸਿੰਘ ਮਾਝੀਮੀਉ, ਸੂਰਤਾ ਸਿੰਘ ਤੇ ਜੱਗਾ ਸਿੰਘ ਡੱਲਾ, ਸੁਵਿੰਦਰ ਸਿੰਘ ਸੂਫੀਆ, ਗੁਰਭੇਜ ਸਿੰਘ ਮਾਕੋਵਾਲ, ਪ੍ਰੀਤਮ ਸਿੰਘ ਟਨਾਣਾ, ਜਗੀਰ ਸਿੰਘ ਤੇ ਕਰਨੈਲ ਸਿੰਘ ਭਿੰਡੀ ਸੈਂਦਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।