sangrami lehar

ਧਰਨੇ ੳਪਰੰਤ ਡੀਸੀ ਨੂੰ ਮੰਗ ਪੱਤਰ ਦਿੱਤਾ

  • 28/05/2018
  • 09:45 PM

ਫਰੀਦਕੋਟ : ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਫ਼ਰੀਦਕੋਟ ਵਲੋਂ ਵੱਖ-ਵੱਖ ਮੰਗਾਂ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਪੱਧਰੀ ਧਰਨਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਦੌਰਾਨ ਪੰਜਾਬ ਦੇ ਜਨਰਲ ਸਕੱਤਰ ਨੀਲਮ ਘੁਮਾਣ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਜਨਵਾਦੀ ਇਸਤਰੀ ਸਭਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਮੰਗਾਂ ਮਨਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਅੰਦਰ ਔਰਤਾਂ ਦੇ ਮਾਣ ਸਨਮਾਨ ਦੇ ਸਬੰਧ ਵਿਚ ਕਾਨੂੰਨਾਂ ਵਿਚ ਕੋਈ ਸਖ਼ਤੀ ਨਹੀਂ ਕੀਤੀ ਜਾ ਰਹੀ ਅਤੇ 8 ਸਾਲਾਂ ਦੀ ਬੱਚੀ ਨਾਲ ਸਮੂਹਿਕ ਜ਼ਬਰ ਜਨਾਹ ਕਰਕੇ ਜਿੱਥੇ ਧਰਮ ਅਤੇ ਵਰਦੀ ਨੂੰ ਤਾਰ-ਤਾਰ ਕੀਤਾ ਹੈ ਉੱਥੇ ਵੈਸ਼ਹੀਅਤ ਦਾ ਨੰਗਾ ਨਾਚ ਨੱਚਿਆ ਗਿਆ | ਆਗੂਆਂ ਨੇ ਕਿਹਾ ਕਿ ਮੈਡੀਕਲ ਕਾਲਜ ਅਤੇ ਡੈਂਟਲ ਕਾਲਜ ਵਿਖੇ ਕੰਮ ਕਰਦੀਆਂ ਸਫ਼ਾਈ ਕਰਮਚਾਰੀਆਂ ਨੂੰ ਘੱਟੋ ਘੱਟ ਉਜ਼ਰਤਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਡੈਂਟਲ ਮੈਨੇਜਮੈਂਟ ਨਾਲ ਵਾਰ-ਵਾਰ ਗੱਲ ਕਰਨ ਤੋਂ ਬਾਅਦ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਗਿਆ ਅਤੇ 20-25 ਸਾਲਾਂ ਤੋਂ ਕੰਮ ਕਰਦੀਆਂ ਸਫ਼ਾਈ ਵਰਕਰਾਂ ਨੂੰ ਧੱਕੇ ਨਾਲ ਨੌਕਰੀ ਤੋਂ ਹਟਾਇਆ ਜਾ ਰਿਹਾ ਹੈ ਅਤੇ ਤਨਖ਼ਾਹਾਂ ਦੇ ਨਾਂਅ 'ਤੇ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੇ 100 ਦੇ ਕਰੀਬ ਸਫ਼ਾਈ ਕਰਮਚਾਰੀ ਚਾਹੀਦੇ ਹਨ, ਉੱਥੇ ਲਗਪਗ 40-45 ਸਫ਼ਾਈ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਕੰਮ ਦਾ ਬੋਝ ਦੁੱਗਣਾ ਹੈ ਤੇ ਤਨਖ਼ਾਹਾਂ ਨਿਗੂਣੀਆਂ ਦੇ ਕੇ ਲੁੱਟ ਤੇ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਡੈਂਟਲ ਕਾਲਜ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ | ਇਸ ਧਰਨੇ ਦੌਰਾਨ ਸੁਖਪ੍ਰੀਤ ਕੌਰ, ਪਰਮਜੀਤ ਕੌਰ, ਤੇਜਿੰਦਰਪਾਲ ਕੌਰ, ਜੋਤੀ ਕੌਰ, ਅਮਨਦੀਪ ਕੌਰ, ਮਹਿਕ, ਕੁਲਵਿੰਦਰ ਕੌਰ, ਸਰਬਜੀਤ ਕੌਰ, ਪੱਪੀ ਰਾਣੀ, ਕਰਮਜੀਤ ਕੌਰ, ਸਰਬਜੀਤ ਕੌਰ ਅਤੇ ਕਸ਼ਮੀਰ ਕੌਰ ਤੋਂ ਇਲਾਵਾ ਹੋਰ ਕਈ ਮੈਂਬਰ ਹਾਜ਼ਰ ਸਨ |