sangrami lehar

ਪੁਲੀਸ ਵਧੀਕੀਆਂ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦਾ ਘਿਰਾਓ

  • 28/05/2018
  • 09:34 PM

ਚੋਹਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਵੱਲੋਂ ਅੱਜ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦਾ ਘੰਟਿਆਂਬੱਧੀ ਘਿਰਾਓ ਕੀਤਾ ਗਿਆ| ਪਾਰਟੀ ਵਰਕਰਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਦਾਰਾ ਸਿੰਘ ਮੁੰਡਾ ਪਿੰਡ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ  ਬੂਟਾ ਸਿੰਘ ਕੋਟ ਨੇ ਕੀਤੀ। ਪਾਰਟੀ ਆਗੂ ਸਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਫੇਲੋਕੇ ਨੇ ਪੁਲੀਸ ਦੀ ਆਲੋਚਨਾ ਕੀਤੀ| ਬੁਲਾਰਿਆਂ ਨੇ ਕਿਹਾ ਕਿ ਥਾਣਾ ਚੋਹਲਾ ਸਾਹਿਬ ਕਥਿਤ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ, ਜਿਥੇ ਲੋਕਾਂ ਨਾਲ ਕਥਿਤ ਧੱਕੇਸ਼ਾਹੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਪੁਲੀਸ ’ਤੇ ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਵਾਲਿਆਂ ਦੀ ਪਿੱਠ ਥਾਪੜਨ ਦੇ ਦੋਸ਼ ਵੀ ਲਾਏ| ਉਨ੍ਹਾਂ ਕਿਹਾ ਕਿ ਪਿੰਡ ਕਾਹਲਵਾਂ ਵਿੱਚ ਧੱਕੇ ਨਾਲ ਜ਼ਮੀਨ ਉੱਪਰ ਕਬਜ਼ਾ ਕਰਵਾਉਣ ਦੇ ਮਾਮਲੇ ਵਿੱਚ ਮੁਦੱਈ ਧਿਰ ਉੱਪਰ ਹਮਲਾ ਕੀਤਾ ਗਿਆ| ਆਗੂਆਂ ਨੇ ਪੁਲੀਸ ’ਤੇ ਪੀੜਤ ਧਿਰ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਦਾ ਦੋਸ਼ ਲਾਇਆ| ਉਨ੍ਹਾਂ ਕਿਹਾ ਕਿ ਪੁਲੀਸ ਵਧੀਕੀਆਂ ਪਿੱਛੇ ਹਾਕਮ ਧਿਰ ਦਾ ਹੱਥ ਹੈ| ਉਨ੍ਹਾਂ ਕਿਹਾ ਕਿ ਇਥੇ ਲੋਕਾਂ ਨੂੰ ਜਬਰ ਜਨਾਹ ਤੇ ਕਤਲ ਦੇ ਮਾਮਲਿਆਂ ਵਿੱਚ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਲੋਕਾਂ ਨੂੰ ਨਿਆਂ ਨਾ ਮਿਲਣ ’ਤੇ ਆਪਣਾ ਅੰਦੋਲਨ ਐੱਸਐੱਸਪੀ ਦਫਤਰ ਤੱਕ ਲੈ ਕੇ ਜਾਣ ਦੀ ਧਮਕੀ ਚਿਤਾਵਨੀ ਦਿੱਤੀ ਹੈ, ਜਿਸ ਤਹਿਤ ਪਾਰਟੀ ਨੇ ਇਲਾਕੇ  ਅੰਦਰ ਪਹਿਲੀ ਜੂਨ ਤੋਂ 7 ਜੂਨ ਤੱਕ ਹਲਕਾ ਵਿਧਾਇਕ ਅਤੇ ਥਾਣਾ ਮੁਖੀ ਦੇ ਪੁਤਲੇ ਫੂਕਣ ਦੀ ਰੂਪ ਰੇਖਾ ਉਲੀਕੀ ਹੈ।