sangrami lehar

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਜੋਸ਼ੋ ਖਰੋਸ਼ ਨਾਲ ਮਨਾਇਆ

  • 24/05/2018
  • 06:42 PM

ਜੋਧਾਂ : ਆਜਾਦੀ ਦੇ ਪਰਵਾਨੇ ਗਦਰ ਲਹਿਰ ਦੇ ਹੀਰੋ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 122ਵਾਂ ਜਨਮ ਦਿਨ ਪਿੰਡ ਸਰਾਭਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਟਸ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਹੋਰ ਹਮ ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸ਼ਹੀਦ ਸਰਾਭਾ ਦੇ ਬੁੱਤ 'ਤੇ ਜੋਸ਼ੀਲੇ ਨਾਅਰਿਆਂ 'ਲੋਕ ਘੋਲ ਨਾ ਥੱਮਣਗੇ, ਘਰ ਘਰ ਸਰਾਭੇ ਜੰਮਣਗੇ', 'ਪਾਲਾ ਬੰਨਕੇ ਅੱਗੇ ਆਓ-ਬਣੋ ਸਰਾਭੇ ਗ਼ਦਰ ਮਚਾਓ' ਦੀ ਗੂੰਜ 'ਚ ਫੁੱਲਮਲਾਵਾਂ ਭੇਂਟ ਕਰਨ ਤੋਂ ਬਾਅਦ ਸ਼ਹੀਦ ਸਰਾਭਾ ਪਾਰਕ ਵਿਚ ਆਯੋਜਿਤ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸੁਫ਼ਨਾ ਸੀ ਕਿ ਦੇਸ਼ 'ਚ ਆਜਾਦ ਹੋਣ ਤੋਂ ਬਾਅਦ ਬਰਾਬਰਤਾ ਵਾਲਾ ਸਮਾਜ ਹੋਵੇ, ਦੇਸ਼ 'ਚ ਫਿਰਕੂ ਪਾੜਾ ਨਾ ਹੋਵੇ ਤੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਚੰਗੀਆ ਮਨੁੱਖੀ ਕਦਰਾਂ ਕੀਮਤਾਂ ਵਾਲਾ ਹੋਵੇ ਪਰ ਦੇਸ਼ ਆਜਾਦ ਹੋਣ ਤੋਂ ਬਾਅਦ ਰਾਜ ਸੱਤਾ 'ਤੇ ਕਾਬਜ ਹਾਕਮ ਧਿਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਫ਼ਨਿਆ ਨੂੰ ਚਕਨਾਚੂਰ ਕਰ ਦਿੱਤਾ ਹੈ। ਗੋਰੇ ਅੰਗਰੇਜਾਂ ਦੀ ਥਾਂ ਹੋਣ ਸਾਡੇ ਦੇਸ਼ ਦੇ ਕਾਲੇ ਅੰਗਰੇਜਾਂ ਨੇ ਲੈ ਲਈ ਹੈ। ਇਹਨਾਂ ਕਾਲੇ ਅੰਗਰੇਜਾਂ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸੂਰਬੀਰਾਂ ਨੂੰ ਜਨਮ ਲੈਣਾ ਪਵੇਗਾ। ਦੇਸ਼ ਵਿਚ ਪਿਛਲੇ ਸਮੇਂ 'ਚ ਔਰਤਾਂ ਤੇ ਬੱਚੀਆਂ ਨਾਲ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆ ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾਵਾਂ ਦਰਸਾ ਰਹੀਆਂ ਹਨ ਕਿ ਦੇਸ਼ ਨੂੰ ਮੁੜ ਫਿਰਕੂ ਤਾਕਤਾਂ ਵੱਲੋਂ ਫਾਸ਼ੀਵਾਦ ਤੇ ਮਨੂੰਵਾਦ ਵੱਲ ਧੱਕਿਆ ਜਾ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦ ਸਰਾਭਾ ਦੇ ਇਨਕਲਾਬੀ ਵਿਚਾਰਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਬੋਲਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸੇਰ ਸਿੰਘ ਨਵਾ ਪਿੰਡ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦਾ ਪ੍ਰੇਰਤਾ ਸਰੋਤ ਸੀ ਅਤੇ ਮੌਜੂਦਾ ਦੌਰ ਵਿਚ ਵੀ ਸ਼ਹੀਦ ਸਰਾਭਾ ਦੀ ਵਿਚਾਰਧਾਰਾ ਨੌਜਵਾਨਾਂ ਲਈ ਪਹਿਲਾਂ ਜਿੰਨੀ ਹੀ ਸਾਰਥਿਕ ਹੈ। ਇਸ ਮੌਕੇ ਤੇ ਪ੍ਰੋ: ਭਗਵੰਤ ਸਿੰਘ ਪਟਿਆਲਾ, ਡਾ. ਸਵਰਾਜ ਸਿੰਘ, ਰਘਬੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰ, ਮੱਖਣ ਸੰਗਰਾਮੀ, ਡਾ. ਜਸਵਿੰਦਰ ਕਾਲਖ, ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਦਾ ਪ੍ਰਬੰਧ ਰਾਣਾ ਲਤਾਲਾ, ਸਿਕੰਦਰ ਮਨਸੂਰਾਂ, ਮੀਕਾ ਜੋਧਾਂ, ਲਵਪ੍ਰੀਤ ਗੁੱਜਰਵਾਲ, ਗੋਲਡੀ ਲਲਤੋਂ, ਸਤਪ੍ਰੀਤ ਗੁੱਜਰਵਾਲ, ਸ਼ਨੀ, ਮਨਦੀਪ ਸ਼ਹਿਜਾਦ, ਜਰਨੈਲ ਲੋਹਟਬੱਦੀ, ਪਰਮਜੀਤ ਹਿਮਾਯੂਪੁਰਾ ਆਦਿ ਦੀ ਪ੍ਰਧਾਨਗੀ ਹੇਠ ਹੋਇਆ। ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਕਲਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਇੰਸਟੀਚਿਊਟ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਦੀਪਕ ਸ਼ਾਹੀ, ਰਵਿੰਦਰ ਸਿੰਘ ਪਾਲੀ, ਜਗਦੇਵ ਭੀਮਾਂ, ਸਿਕੰਦਰ ਹਿਮਾਯੂਪੁਰਾ ਦੇ ਸਹਿਯੋਗ ਨਾਲ ਹੋਏ ਇਸ ਗਦਰੀ ਮੇਲੇ ਦੇ ਮੌਕੇ 'ਤੇ ਪ੍ਰੋ. ਜੈਪਾਲ ਸਿੰਘ, ਮਨਜੀਤ ਸੂਰਜਾ, ਹਰਬੰਸ ਲੋਹਟਬੱਦੀ, ਮਹਿੰਦਰ ਅੱਚਰਵਾਲ, ਜਗਤਾਰ ਚਕੌਹੀ, ਗੁਰਦੀਪ ਕਲਸੀ, ਡਾ. ਕੇਸਰ ਸਿੰਘ, ਗੁਰਜੀਤ ਕਾਲਾ, ਡਾ. ਭਗਵੰਤ ਬੜੂੰਦੀ, ਅਮਰਜੀਤ ਸ਼ਹਿਜਾਦ, ਬੂਟਾ ਸਰਾਭਾ, ਪਰਮਜੀਤ ਲੁਧਿਆਣਾ, ਚਰਨਜੀਤ ਲਤਾਲਾ, ਸਾਬਕਾ ਸਰਪੰਚ ਜਗਤਾਰ ਸਿੰਘ, ਲਖਵਿੰਦਰ ਗੁੱਜਰਵਾਲ ਆਦਿ ਵਿਸ਼ੇਸ਼ ਤੌਰ 'ਤੇ ਪੁੱਜੇ। ਇਨਕਲਾਬੀ ਸੱਭਿਆਚਾਰਕ ਮੇਲੇ ਦੌਰਾਨ ਉੱਘੇ ਕਲਾਕਾਰਾਂ ਜਗਸੀਰ ਜੀਦਾ, ਮਾ. ਕਰਮਜੀਤ ਲਲਤੋਂ, ਪ੍ਰਿੰਸ ਜੋਧਾਂ, ਰਾਮ ਸਿੰਘ ਹਠੂਰ, ਮੌਜੀ ਜੋਧਾਂ ਨੇ ਇਨਕਲਾਬੀ ਗੀਤ ਗਾਏ ਅਤੇ ਖੇੜੀ ਝਮੇੜੀ ਸਕੂਲ ਦੇ ਬੱਚਿਆਂ ਦੀਆਂ ਦੇਸ਼ ਭਗਤੀ ਦੇ ਗੀਤਾਂ 'ਤੇ ਅਧਾਰਿਤ ਕੋਰਿਓਗ੍ਰਾਫੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਮਨਜਿੰਦਰ ਜੋਧਾਂ ਵੱਲੋਂ ਪਿਨਸਲ ਆਰਟ ਨਾਲ ਤਿਆਰ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਸਾਥੀ ਪਾਸਲਾ ਨੂੰ ਭੇਂਟ ਕੀਤੀ ਗਈ।