sangrami lehar

ਨਰੇਗਾ ਮਜ਼ਦੂਰਾਂ ਵੱਲੋਂ ਧੱਕੇਸ਼ਾਹੀ ਵਿਰੁੱਧ ਮੁਜ਼ਾਹਰਾ

  • 22/05/2018
  • 10:00 PM

ਸ੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਜਨਵਾਦੀ ਇਸਤਰੀ ਸਭਾ ਨੇ ਪਿੰਡ ਭੂੰਦੜ ’ਚ ਨਰੇਗਾ ਅਧੀਨ ਮਜ਼ਦੂਰਾਂ ਨੂੰ ਕੰਮ ਨਾ ਦਿੱਤੇ ਜਾਣ ’ਤੇ ਰੋਸ ਮੁਜ਼ਾਹਰਾ ਕਰਦਿਆਂ ਇਸ ਲਈ ਸਿਆਸੀ ਤੇ ਸਰਮਾਏਦਾਰੀ ਪੱਖਪਾਤ ਨੂੰ ਜ਼ਿੰਮੇਵਾਰ ਦੱਸਿਆ ਹੈ।

ਏਡੀਸੀ (ਡੀ) ਦਫਤਰ ’ਚ ਮੁਜ਼ਾਹਰਾ ਕਰਦੇ ਹੋਏ ਨਰੇਗਾ ਕਾਮੇ। ਫੋਟੋ: ਪ੍ਰੀਤ

ਮਜ਼ਦੂਰ ਆਗੂ ਜਗਜੀਤ ਸਿੰਘ ਜੱਸੇਆਣਾ, ਜਸਵਿੰਦਰ ਸਿੰਘ ਸੰਗੂਧੋਨ, ਕਾਕਾ ਸਿੰਘ ਖੁੰਡੇ ਹਲਾਲ ਤੇ ਪਰਮਜੀਤ ਕੌਰ ਸੰਗਰਾਣਾ ਨੇ ਦੱਸਿਆ ਕਿ ਪਿੰਡ ਭੂੰਦੜ ਵਿੱਚ ਕਰੀਬ 450 ਜੌਬ ਕਾਰਡ ਬਣੇ ਹਨ, ਪਰ ਕੰਮ ਗਿਣਤੀ ਦੇ ਮਜ਼ਦੂਰਾਂ ਨੂੰ ਹੀ ਦਿੱਤਾ ਜਾਂਦਾ ਹੈ। ਜੇ ਕੰਮ ਦੇ ਵੀ ਦਿੰਦੇ ਹਨ ਤਾਂ ਦੋ ਦਿਨਾਂ ਬਾਅਦ ਹੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕੀਤੇ ਕੰਮ ਦੇ ਪੈਸੇ ਵੀ ਨਹੀਂ ਮਿਲਦੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਗ੍ਰਾਮ ਸੇਵਕ ਅਤੇ ਜੇਈ ਮਨਰੇਗਾ ਨੂੰ ਮਿਲਦੇ ਹਨ ਤਾਂ ਉਹ ਕਥਿਤ ਮਾੜਾ ਵਿਹਾਰ ਕਰਦੇ ਹੋਏ ਧਮਕੀ ਦਿੰਦੇ ਹਨ ਕਿ ਜਦੋਂ ਦੇਣੇ ਹੋਏ ਪੈਸੇ ਦੇ ਦੇਵਾਂਗੇ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲੋਂ ਮੰਗ ਕੀਤੀ ਕਿ ਨਰੇਗਾ ਦਾ ਕੰਮ ਨੇਮਾਂ ਅਨੁਸਾਰ ਚਲਾਇਆ ਜਾਵੇ ਅਤੇ ਸਿਆਸੀ ਤੇ ਸਰਮਾਏਦਾਰੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨਗੇ।