sangrami lehar

ਮਜ਼ਦੂਰ ਸਭਾ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ

  • 22/05/2018
  • 09:51 PM

ਮਹਿਲ ਕਲਾਂ : ਮਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਚਲਾਉਣ ਲਈ ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਬਲਾਕ ਦੇ ਸਾਰੇ ਪਿੰਡਾਂ ’ਚ ਬੰਦ ਪਏ ਨਰੇਗਾ ਕੰਮ ਚਾਲੂ ਕਰਨ ਦੀ ਮੰਗ ਕੀਤੀ ਗਈ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਥਿਤ ਸ਼ਹਿ ’ਤੇ ਅਫ਼ਸਰਸ਼ਾਹੀ ਵੱਲੋਂ ਕੰਮ ਬੰਦ ਕਰ ਕੇ ਨਰੇਗਾ ਐਕਟ ਨੂੰ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੰਮ ਨਾ ਮਿਲਣ ਕਾਰਨ ਮਜ਼ਦੂਰਾਂ ਨੂੰ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋ ਰਹੇ ਹਨ ਪਰ ਨਰੇਗਾ ਅਧਿਕਾਰੀਆਂ ਵੱਲੋਂ ਬੀਡੀਪੀਓ ਦੀ ਅਸਾਮੀ ਖਾਲੀ ਹੋਣ ਦਾ ਬਹਾਨਾ ਬਣਾ ਕੇ ਮਨਰੇਗਾ ਦਾ ਕੰਮ ਨਹੀਂ ਚਲਾਇਆ ਜਾ ਰਿਹਾ। ਮਜ਼ਦੂਰਾਂ ਨੇ ਬੰਦ ਪਿਆ ਮਨਰੇਗਾ ਦਾ ਕੰਮ ਚਾਲੂ ਕਰਨ, ਮਿਹਨਤਾਨਾ 600 ਰੁਪਏ ਪ੍ਰਤੀ ਦਿਹਾੜੀ ਕਰਨ ਦੀ ਮੰਗ ਕੀਤੀ ਗਈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇ ਬਲਾਕ ਮਹਿਲ ਕਲਾਂ ਦੇ ਸਾਰੇ ਪਿੰਡਾਂ ’ਚ 29 ਮਈ ਤੱਕ ਨਰੇਗਾ ਦਾ ਕੰਮ ਨਾ ਚਲਾਇਆ ਤਾਂ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਚਰਨ ਸਿੰਘ, ਬਲਦੇਵ ਸਿੰਘ, ਮਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮਨਰੇਗਾ ਸੈੱਲ ਬਲਾਕ ਮਹਿਲ ਕਲਾਂ ਦੇ ਏਪੀਓ ਗਗਨਦੀਪ ਸਿੰਘ ਤੇ ਜੇਈ ਇੰਦਰਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਰਨਾਲਾ ਦੇ ਬੀਡੀਪੀਓ ਨੂੰ ਡੀਡੀ ਪਾਵਰਾਂ ਮਿਲਣ ਤੋਂ ਬਾਅਦ ਮਨਰੇਗਾ ਦਾ ਕੰਮ ਚਲਾਇਆ ਜਾਵੇਗਾ।