sangrami lehar

ਹਾਕਮ ਜਮਾਤਾਂ ਪ੍ਰਤੀ ਨਰਮ ਵਤੀਰਾ ਖੱਬੀਆਂ ਧਿਰਾਂ ਦੇ ਨਿਘਾਰ ਦਾ ਮੁੱਖ ਕਾਰਨ

  • 07/05/2018
  • 06:47 PM

ਜਲੰਧਰ- ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐੱਮ.ਪੀ.ਆਈ) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਹਾਕਮ ਜਮਾਤਾਂ ਲਈ ਨਰਮ ਰਵੱਈਆ ਰੱਖਣਾ ਹੀ ਖੱਬੀਆਂ ਪਾਰਟੀਆਂ ਦੇ ਘਟ ਰਹੇ ਪ੍ਰਭਾਵ ਦਾ ਮੁੱਖ ਕਾਰਨ ਹੈ। ਮੌਜੂਦਾ ਸਮੇਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਹੀ ਮੋਦੀ ਵਿਕਾਸ ਮਾਡਲ ਕੋਲ ਹੈ ਅਤੇ ਨਾ ਹੀ ਮਨਮੋਹਨ ਸਿੰਘ ਵਿਕਾਸ ਮਾਡਲ ਕੋਲ ਸੀ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਨੂੰ ਹੱਲ ਕਰਨ ਦਾ ਲੋਕਪੱਖੀ ਮਾਡਲ ਖੱਬੇ-ਪੱਖੀਆਂ ਕੋਲ ਹੀ ਹੈ ਪਰ ਆਪਣੀਆਂ ਕਮਜ਼ੋਰੀਆਂ ਕਾਰਨ ਖੱਬੇ-ਪੱਖੀ ਪਾਰਟੀਆਂ ਦਾ ਪ੍ਰਭਾਵ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੱਬੇ-ਪੱਖੀ ਪਾਰਟੀਆਂ ਦੀ ਫੁੱਟ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਹਾਲੇ ਤੱਕ ਖੱਬੀਆਂ ਧਿਰਾਂ ਇਹ ਤੈਅ ਨਹੀਂ ਕਰ ਸਕੀਆਂ ਹਨ ਕਿ ਹਾਕਮ ਜਮਾਤਾਂ ਲਈ ਕਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਵੇ। 1964 ਤੋਂ ਲੈ ਕੇ ਹੁਣ ਤੱਕ ਇਸੇ ਰਵੱਈਏ ਦੇ ਰੌਲੇ ਕਾਰਨ ਖੱਬੀਆਂ ਪਾਰਟੀਆਂ ਦੇ ਟੁਕੜੇ ਹੁੰਦੇ ਰਹੇ ਹਨ। ਸ੍ਰੀ ਪਾਸਲਾ ਨੇ ਕਿਹਾ ਕਿ ਨਿੱਜੀ ਤੌਰ ’ਤੇ ਉਨ੍ਹਾਂ ਦਾ ਮੰਨਣਾ ਹੈ ਕਿ ਹਾਕਮ ਜਮਾਤਾਂ ਖ਼ਿਲਾਫ ਸਖ਼ਤ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ ਪਰ ਅੱਜ ਵੀ ਕੁਝ ਖੱਬੀਆਂ ਧਿਰਾਂ ਕਾਂਗਰਸ ਦਾ ਸਾਥ ਦੇਣ ਬਾਰੇ ਸੋਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਸਾਲ ਪਹਿਲਾਂ ਹੀ ਖੱਬੀਆਂ ਧਿਰਾਂ ਹਥਿਆਰ ਸੁੱਟ ਕੇ ਬੈਠੀਆਂ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਭਾਜਪਾ ਕੋਲ ਪ੍ਰਚਾਰ ਅਤੇ ਪ੍ਰਾਪੇਗੰਡਾ ਕਰਨ ਲਈ ਬਹੁਤ ਵੱਡੀ ਤਾਕਤ ਹੈ। ਇਸੇ ਕਾਰਨ ਭਾਜਪਾ ਝੂਠ ਦੇ ਸਿਰ ’ਤੇ ਹੀ ਚੋਣਾਂ ਜਿੱਤ ਰਹੀ ਹੈ। ਖੱਬੀਆਂ ਧਿਰਾਂ ਸਮਾਜਿਕ ਅਵਸਥਾ ਨੂੰ ਸਮਝਣ ਵਿੱਚ ਵੀ ਨਾਕਾਮ ਰਹੀਆਂ ਹਨ ਅਤੇ ਸਿਰਫ ਆਰਥਿਕ ਨੀਤੀਆਂ ’ਤੇ ਲੜਾਈਆਂ ਲੜਨ ਨਾਲ ਜਿੱਤ ਪ੍ਰਾਪਤ ਨਹੀਂ ਹੁੰਦੀ। ਇਸ ਦੀ ਸਮਝ ਕੁਝ ਪਾਰਟੀਆਂ ਨੂੰ ਹੁਣ ਲੱਗੀ ਹੈ। ਉਨ੍ਹਾਂ ਕਿਹਾ ਕਿ ਸਿਰਫ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਗਿਣਤੀ ਨਾਲ ਹੀ ਪ੍ਰਭਾਵ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਚੋਣਾਂ ਲੋਕ ਸਮਝੌਤੇ ਕਰਕੇ ਵੀ ਜਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਸਾਰੀਆਂ ਖੱਬੀਆਂ ਧਿਰਾਂ ਇਕੱਠੀਆਂ ਹੋ ਜਾਣ ਤਾਂ ਚੋਣਾਂ ’ਚ ਵੀ ਬਿਹਤਰ ਸਿੱਟੇ ਨਿਕਲ ਸਕਦੇ ਹਨ। ਦੱਬੇ-ਕੁਚਲੇ ਲੋਕਾਂ ਵਿੱਚ ਖੱਬੀਆਂ ਧਿਰਾਂ ਦਾ ਪ੍ਰਭਾਵ ਪਹਿਲਾਂ ਨਾਲੋਂ ਵਧਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਕਦੇ ਅਜਿਹਾ ਨਹੀਂ ਹੋਇਆ ਕਿ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹੋਣ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਡੇ ਘਰਾਣਿਆਂ ਨੂੰ ਖੁੱਲ੍ਹ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਹੋ ਰਿਹਾ ਨਿੱਜੀਕਰਨ ਹੀ ਆਰਥਿਕ ਮੰਦੀ ਨੂੰ ਵਧਾ ਰਿਹਾ ਹੈ ਅਤੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਸ੍ਰੀ ਪਾਸਲਾ ਨੇ ਕਿਹਾ ਕਿ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਵੀ ਸਰਮਾਏਦਾਰਾਂ ਦੀਆਂ ਹੀ ਪਾਰਟੀਆਂ ਹਨ, ਜੋ ਕਿਸਾਨ ਪੱਖੀ ਹੋਣ ਦਾ ਡਰਾਮਾ ਕਰਦੀਆਂ ਹਨ। ਸ੍ਰੀ ਪਾਸਲਾ ਨੇ ਕਿਹਾ ਕਿ ਆਰ.ਐੱਮ.ਪੀ.ਆਈ ਦੇ ਏਜੰਡੇ ਤਹਿਤ ਉਨ੍ਹਾਂ ਨੇ ਸੱਤਾਧਾਰੀਆਂ ਖ਼ਿਲਾਫ਼ ਸਖ਼ਤ ਸਟੈਂਡ ਲਿਆ ਹੈ ਅਤੇ ਬਾਕੀ ਖੱਬੀਆਂ ਪਾਰਟੀਆਂ ਨੂੰ ਵੀ ਸੱਤਾ ਵਿਰੋਧੀ ਸਟੈਂਡ ਰੱਖਣਾ ਚਾਹੀਦਾ ਹੈ।