sangrami lehar

ਮੋਦੀ ਸਰਕਾਰ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹੋਈ ਪੱਬਾ ਭਾਰ: ਜਮਹੂਰੀ ਕਿਸਾਨ ਸਭਾ

  • 30/04/2018
  • 07:18 PM

ਜਲੰਧਰ - ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ 'ਤੇ ਰੋਕ ਲਾਉਣ ਅਤੇ ਵਧੀਆ ਕੀਮਤਾਂ ਨੂੰ ਘਟਾਉਣ ਦੀ ਮੰਗ ਕੀਤੀ ਹੈ। ਸੂਬਾ ਦਫਤਰ ਤੋਂ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਵਿਚ ਦੋਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ, ਆਮ ਲੋਕਾਂ ਦੀ ਜੇਬ 'ਤੇ ਨੰਗਾ ਚਿੱਟਾ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਮਾਰਕਿਟ ਵਿਚ ਕੱਚੇ ਤੇਲ ਦੀ ਕੀਮਤ 139 ਡਾਲਰ ਪ੍ਰਤੀ ਬੈਰਲ ਸੀ ਤਾਂ ਡੀਜ਼ਲ ਦੀ ਕੀਮਤ 32 ਰੁਪਏ ਪ੍ਰਤੀ ਲੀਟਰ ਸੀ। ਜਦੋਂਕਿ ਅੱਜ ਕੱਚੇ ਤੇਲ ਦੀ ਕੀਮਤ 69 ਡਾਲਰ ਪ੍ਰਤੀ ਬੈਰਲ ਹੈ ਤਾਂ ਡੀਜ਼ਲ 66 ਰੁਪਏ ਲੀਟਰ ਤੇ ਪੈਟਰੋਲ 80 ਰੁਪਏ ਲੀਟਰ ਦੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਲੁਆਈ 20 ਜੂਨ ਤੱਕ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਖੁਦਕੁਸ਼ੀਆਂ ਕਰ ਰਹੇ ਕਿਸਾਨੀ ਲਈ ਇਹ ਘਾਟੇਵੰਦਾਂ ਸਾਬਤ ਹੋਵੇਗਾ। ਕਿਸਾਨਾਂ ਵਲੋਂ ਆਲੂ ਤੇ ਮਟਰਾਂ ਦੀ ਤੀਸਰੀ ਫਸਲ ਬੀਜਣੀ ਔਖੀ ਹੋ ਜਾਵੇਗੀ। ਝੋਨੇ ਦੀ ਪੂਸਾ ਕਿਸਮ ਪੱਕਣ 'ਚ ਵੱਧ ਸਮਾਂ ਲੈਂਦੀ ਹੈ ਅਤੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਡਾਹਡੀ ਲੋੜ ਹੈ। ਪ੍ਰੰਤੂੂ ਸਰਕਾਰਾਂ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾ ਰਹੀਆਂ। ਉਨ੍ਹਾਂ ਕਿਹਾ ਕਿ ਪਾਣੀ ਦੀ ਬਚਤ ਲਈ ਪੰਜਾਬ ਦੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਨੂੰ ਮੁੜ ਉਸਾਰਨ ਦੀ ਲੋੜ ਹੈ ਅਤੇ ਦਰਿਆਵਾਂ ਦਾ ਨਹਿਰੀਕਰਨ ਕਰਕੇ ਹਰ ਖੇਤ ਤੱਕ ਪਾਣੀ ਪੁੱਜਦਾ ਕੀਤਾ ਜਾਣਾ ਚਾਹੀਦਾ ਹੈ। ਸਾਥੀ ਸੰਧੂ ਨੇ ਕਿਹਾ ਕਿ ਕਿਸਾਨਾਂ ਨੂੰ ਜੌਹਲ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਆਰਥਕ ਸਹਾਇਤਾ ਦੇ ਕੇ ਫਸਲੀ ਵਿਭਿੰਨਤਾ ਰਾਹੀਂ ਵੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿਸਾਨੀ, ਜਵਾਨੀ, ਅਤੇ ਪਾਣੀ ਬਚਾਓ ਸੰਘਰਸ਼ ਨੂੰ ਤੇਜ਼ ਕਰਨ ਲਈ 3 ਮਈ ਨੂੰ ਸੂਬਾ ਦਫਤਰ ਵਿਖੇ ਮੀਟਿੰਗ ਹੋਵੇਗੀ ਜਿਸ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।