sangrami lehar

ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਚੇਤਨਾ ਤੇ ਸੰਗਰਾਮ ਦਿਵਸ ਵਜੋਂ ਮਨਾਉਣ ਦਾ ਐਲਾਨ

  • 29/04/2018
  • 02:49 PM

ਬਠਿੰਡਾ - ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਵੱਲੋਂ ਇਸ ਵਾਰ ਦਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆਉਂਦੀ 1 ਮਈ ਨੂੰ ''ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਚੇਤਨਾ ਤੇ  ਸੰਗਰਾਮ ਦਿਵਸ'' ਵਜੋਂ ਮਨਾਇਆ ਜਾਵੇਗਾ। ਇਸ ਦਿਨ ਮੰਚ 'ਤੇ ਸ਼ਾਮਲ ਜਥੇਬੰਦੀਆਂ ਦੇ ਕਾਰਕੁਨ ਆਪੋ-ਆਪਣੇ ਅਦਾਰਿਆਂ 'ਚ ਝੰਡੇ ਲਹਿਰਾਉਣ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਤੋਂ ਪਿੱਛੋਂ ਸਥਾਨਕ ਅਮਰੀਕ ਸਿੰਘ ਰੋਡ 'ਤੇ ਪਿੱਪਲ ਹੇਠਾਂ ਇਕੱਤਰ ਹੋਣਗੇ। ਸਮਾਰੋਹ ਸਾਂਝੇ ਤੌਰ 'ਤੇ ਮਨਾਏ ਜਾਣ ਪਿੱਛੋਂ ਸ਼ਹਿਰ 'ਚ ਸ਼ਹੀਦਾਂ ਨੂੰ ਸਮਰਪਿਤ ਮਾਰਚ ਵੀ ਕੀਤਾ ਜਾਵੇਗਾ।
ਉਪਰੋਕਤ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਜੇ.ਪੀ.ਐਮ.ਓ. ਦੇ ਸੂਬਾਈ ਆਗੂਆਂ ਸਾਥੀ ਮਹੀਪਾਲ, ਪ੍ਰਕਾਸ਼ ਸਿੰਘ ਪਾਸ਼ਾ ਵੱਲੋਂ ਦਿੱਤੀ ਗਈ। ਦੋਹਾਂ ਆਗੂਆਂ ਨੇ ਸਭਨਾਂ ਟਰੇਡ ਯੂਨੀਅਨਾਂ, ਕੇਂਦਰੀ ਤੇ ਸੂਬਾਈ ਮੁਲਾਜ਼ਮ ਸੰਗਠਨਾਂ, ਸੰਗਰਾਮੀ ਤੇ ਅਗਾਂਹਵਧੂ ਸ਼ਕਤੀਆਂ ਨੂੰ 1 ਮਈ ਨੂੰ ਠੀਕ 11 ਵਜੇ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਪੁੱਜ ਕੇ ਮਈ ਦਿਵਸ ਸਮਾਰੋਹਾਂ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਆਗੂਆਂ ਨੇ  ਜੇ.ਪੀ.ਐਮ.ਓ. ਦੀਆਂ ਭਾਈਵਾਲ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ ਉਹ ਪਰਵਾਰਾਂ ਸਮੇਤ ਮਈ ਦਿਵਸ ਸਮਾਗਮਾਂ 'ਚ ਸ਼ਾਮਲ ਹੋਣ।