sangrami lehar

ਕਾਮਰੇਡ ਹਰਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ

  • 27/04/2018
  • 07:21 PM

ਪਠਾਨਕੋਟ - ਅੱਜ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸਲ ਵੱਲੋਂ ਮਜ਼ਦੂਰਾਂ - ਮੁਲਾਜ਼ਮਾਂ ਦੇ ਉੱਘੇ ਆਗੂ ਕਾਮਰੇਡ ਹਰਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਖੱਤਰੀ ਭਵਨ ਸ਼ਾਹਪੁਰ ਚੌਂਕ ਪਠਾਨਕੋਟ ਵਿਖੇ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਅਤੇ ਐਨ.ਆਰ.ਐਮ.ਯੂ. ਦੇ ਡਵੀਜ਼ਨਲ ਸਕੱਤਰ ਕਾਮਰੇਡ ਸ਼ਿਵ ਦੱਤ ਦੀ ਪ੍ਰਧਾਨਗੀ ਹੇਠ ਵੱਖ-ਵੱਖ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ਾਲ ਇਕੱਠ ਹੋਇਆ। ਸ਼ਰਧਾਂਜਲੀ ਭੇਂਟ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ.) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਰਾ ਜੀਵਨ ਮਜ਼ਦੂਰ ਲਹਿਰ ਨੂੰ ਸਮਰਪਿਤ ਅਤੇ ਵਿਗਿਆਨਿਕ ਸੋਚ ਦੇ ਧਾਰਨੀ ਕਾਮਰੇਡ ਹਰਦੀਪ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅੱਜ ਜਦੋਂ ਦੇਸ਼ ਅੰਦਰ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸ਼ੁਰੂ ਕੀਤੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹਨਾਂ ਨੀਤੀਆਂ ਨੂੰ ਤੇਜ਼ੀ ਨਾਲ ਤਿੱਖੇ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਇਹਨਾਂ ਨਵ ਉਦਾਰਵਾਦੀ, ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਅਤੇ ਬੀ.ਜੇ.ਪੀ. ਦੀ ਅਗਵਾਈ ਹੇਠ ਵੱਧ ਰਹੀ ਫ਼ਿਰਕਾਪ੍ਰਸਤੀ ਦੇ ਵਿਰੁੱਧ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜੁਆਨਾਂ, ਔਰਤਾਂ ਅਤੇ ਅਗਾਂਹਵਧੂ ਇਨਸਾਫ਼ ਪਸੰਦ ਸੋਚ ਦੇ ਧਾਰਨੀ ਲੋਕਾਂ ਦਾ ਵਿਸ਼ਾਲ ਏਕਾ ਕਰਕੇ ਸੰਘਰਸ਼ ਨੂੰ ਤਿੱਖਿਆਂ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਵੱਖ-ਵੱਖ ਜਥੇਬੰਦੀਆਂ ਨੂੰ ਆਪਣੀਆਂ ਆਰਥਿਕ ਮੰਗਾਂ ਅਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਏ ਰੱਖਣ ਲਈ ਆਪਣੇ ਖੇਤਰ ਅੰਦਰ ਵਿਸ਼ਾਲ ਲਾਮਬੰਦੀ ਕਰਨ ਅਤੇ ਸੰਘਰਸ਼ ਕਰਨ ਦੀ ਲੋੜ ਹੈ, ਉੱਥੇ ਆਰ.ਐਸ.ਐਸ. ਅਤੇ ਬੀ.ਜੇ.ਪੀ. ਦੀ ਅਗਵਾਈ ਹੇਠ ਦੇਸ਼ ਅੰਦਰ ਵੱਧ ਰਹੇ ਜਾਤੀ-ਪਾਤੀ ਵਿਤਕਰੇ, ਧਰਮ ਅਤੇ ਇਲਾਕਾਵਾਦ ਦੇ ਨਾਮ ਉੱਪਰ ਵੰਡਣ ਵਾਲੀਆਂ ਫ਼ਿਰਕਾਪ੍ਰਸਤ ਤਾਕਤਾਂ ਨੂੰ ਰੋਕਣ ਲਈ ਵੀ ਆਪਣਾ ਸਹਿਯੋਗ ਕਰਨਾ ਹੋਵੇਗਾ। ਦੇਸ਼ ਅੰਦਰ ਵੱਧ ਰਹੀਆਂ ਮਾਸੂਮ ਬੱਚੀਆਂ ਤੋਂ ਲੈ ਕੇ ਬਜ਼ੁਰਗ ਉਮਰ ਤੱਕ ਦੀਆਂ ਔਰਤਾਂ ਨਾਲ ਹੋ ਰਹੀਆਂ ਹਿਰਦੇ ਵਲੂੰਧਰਨ ਵਾਲੀਆਂ ਬਲਾਤਕਾਰ ਘਟਨਾਵਾਂ ਅਤੇ ਘਿਨੋਣੇ ਕਤਲਾਂ ਦੀਆਂ ਵਾਰਦਾਤਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਕੇ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ, ਉਨ੍ਹਾਂ ਇਸ ਗੱਲ ਦੀ ਵੀ ਚਿੰਤਾ ਜ਼ਾਹਿਰ ਕੀਤੀ ਕਿ ਦੇਸ਼ ਅੰਦਰ ਰਾਜ ਕਰ ਰਹੀਆਂ ਹਾਕਮ ਪਾਰਟੀਆਂ ਦੇ ਮੰਤਰੀ ਅਤੇ ਵਿਧਾਇਕ ਪੀੜਤਾਂ ਨਾਲ ਖਲੋਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਸ਼ਰਮਨਾਕ ਕੋਸ਼ਿਸ਼ ਕਰ ਰਹੇ ਹਨ ਜੋਕਿ ਅੱਤ ਨਿੰਦਣਯੋਗ ਹੈ। ਕਾਮਰੇਡ ਹਰਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਕਾਮਰੇਡ ਰਘੁਬੀਰ ਸਿੰਘ, ਨੱਥਾ ਸਿੰਘ, ਸ਼ਿਵ ਦੱਤ, ਲਾਲ ਚੰਦ ਕਟਾਰੂਚੱਕ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਜਸਵੰਤ ਸਿੰਘ ਸੰਧੂ, ਨਰਿੰਦਰ ਸਿੰਘ, ਅਮਨਦੀਪ, ਭੈਣ ਸ਼ੀਲਾ ਦੇਵੀ, ਮਾਸਟਰ ਪ੍ਰੇਮ ਸਾਗਰ, ਅਸ਼ਵਨੀ ਕੁਮਾਰ, ਤਿਲਕ ਰਾਜ ਜਿਆਣੀ, ਹਰਜਿੰਦਰ ਬਿੱਟੂ, ਆਸ਼ਾ ਰਾਣੀ, ਤ੍ਰਿਪਤਾ ਦੇਵੀ, ਅਤੇ ਹੋਰ ਸਾਥੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਉੱਪਰ ਪਹਿਰਾ ਦੇਣ ਦਾ ਪ੍ਰਣ ਕੀਤਾ।