sangrami lehar

ਮਾਰਕਸਵਾਦੀ ਪਾਰਟੀ ਵੱਲੋਂ ਅਰਥੀ ਫੂਕ ਮੁਜ਼ਾਹਰਾ

  • 25/04/2018
  • 09:27 PM

ਮਹਿਲ ਕਲਾਂ- ਦੇਸ਼ ਵਿੱਚ ਨਬਾਲਗ ਬੱਚੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਖ਼ਿਲਾਫ਼ ਅੱਜ ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੀ ਜ਼ਿਲ੍ਹਾ ਇਕਾਈ ਵੱਲੋਂ ਅਨਾਜ ਮੰਡੀ ਵਿੱਚ ਰੈਲੀ ਕਰਨ ਉਪਰੰਤ ਇੱਥੇ ਰੋਸ ਮਾਰਚ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਵਜੀਦਕੇ ਨੇ ਕਿਹਾ ਕਿ ਦੇਸ਼ ਵਿੱਚ ਵਾਪਰ ਰਹੀਆਂ ਬਲਾਤਕਾਰ ਅਤੇ ਕਤਲ ਦੀਆ ਘਟਨਾਵਾਂ ਕਾਰਨ ਹੁਣ ਬੱਚੀਆਂ ਅਤੇ ਔਰਤਾਂ ਹੁਣ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ ਲਗਾ ਰਹੀ ਹੈ ਪਰ ਇਸ ਦੇ ਉਲਟ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਹੀ ਆਗੂ ਸ਼ਰ੍ਹੇਆਮ ਮੁਲਜ਼ਮਾਂ ਨੂੰ ਬਚਾ ਰਹੇ ਹਨ।

ਕਿਸਾਨ ਆਗੂ ਯਸ਼ਪਾਲ ਮਹਿਲ ਕਲਾਂ, ਮੈਡੀਕਲ ਪ੍ਰੈਕਟੀਸ਼ਨਰ ਆਗੂ ਅਮਰਜੀਤ ਸਿੰਘ ਕੁੱਕੂ ਅਤੇ ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਸਰਕਾਰ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ਮਾਸਟਰ ਗੁਰਦੇਵ ਸਿੰਘ ਸਹਿਜੜਾ, ਕਾਮਰੇਡ ਗੁਰਦੇਵ ਸਿੰਘ ਮਹਿਲ ਖੁਰਦ ਤੇ ਅਮਰਜੀਤ ਸਿੰਘ ਕਾਲਸਾਂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀਆਂ ਸਰਕਾਰਾਂ ਮੁਲਜ਼ਮਾਂ ਦਾ ਪੱਖ ਪੂਰ ਰਹੀਆਂ ਹਨ ਤਾਂ ਜਮਹੂਰੀ, ਇਨਸਾਫ਼ਪਸੰਦ ਜਥੇਬੰਦੀਆਂ ਨੂੰ ਸੰਘਰਸ਼ਾਂ ਦਾ ਸਾਂਝਾ ਪਿੜ ਮੱਲਣਾ ਚਾਹੀਦਾ ਹੈ।