sangrami lehar

ਤ੍ਰਿਪੁਰਾ ਦੀ ਭਾਜਪਾ ਸਰਕਾਰ ਵੱਲੋਂ ਲੈਨਿਨ ਅਤੇ ਮਾਰਕਸ ਦੇ ਅਧਿਆਏ ਸਕੂਲੀ ਪਾਠਕ੍ਰਮ 'ਚੋਂ ਕੱਢਣ ਦੀ ਨਿਖ਼ੇਧੀ

  • 22/04/2018
  • 02:41 PM

ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜਲੰਧਰ ਤਹਿਸੀਲ ਕਮੇਟੀ ਦੇ ਸੱਦੇ 'ਤੇ ਪੁੱਜੇ ਭਾਰੀ ਗਿਣਤੀ ਕਾਰਕੁਨਾਂ ਨੇ ਅੱਜ ਸਥਾਨਕ ਬੇਅੰਤ ਪਾਰਕ ਵਿਖੇ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕੀਤਾ। ਉਕਤ ਰੈਲੀ ਅਤੇ ਮੁਜ਼ਾਹਰੇ ਸੰਸਾਰ ਭਰ ਦੇ ਦੱਬੇ ਕੁਚਲੇ ਲੋਕਾਂ ਦੇ ਹਰਮਨ ਪਿਆਰੇ ਕੌਮਾਂਤਰੀ ਆਗੂ ਸਾਥੀ ਵੀ.ਆਈ. ਲੈਨਿਨ ਦੇ ਜਨਮ ਦਿਵਸ ਨੂੰ ਸਮਰਪਿਤ ਸੀ।
'ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!' ਦੇ ਸੱਦੇ ਤਹਿਤ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸਕੱਤਰ ਜਸਵਿੰਦਰ ਸਿੰਘ ਢੇਸੀ ਪੁੱਜੇ।
ਦੋਹੇਂ ਕਮਿਊਨਿਸਟ ਆਗੂਆਂ ਨੇ ਤ੍ਰਿਪੁਰਾ ਦੀ ਭਾਜਪਾ ਸਰਕਾਰ ਵੱਲੋਂ ਲੈਨਿਨ ਅਤੇ ਮਾਰਕਸ ਦੇ ਅਧਿਆਏ ਸਕੂਲੀ ਪਾਠਕ੍ਰਮ 'ਚੋਂ ਕੱਢਣ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਫ਼ਿਰਕੂ ਟੋਲੇ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੈਣ ਪਰ ਮਾਰਕਸ ਅਤੇ ਲੈਨਿਨ ਦੀ ਛਵੀ ਤੇ ਵਿਚਾਰ ਕਿਰਤੀਆਂ ਦੇ ਦਿਲੋਂ ਦਿਮਾਗ਼ 'ਚੋਂ ਨਹੀਂ ਕੱਢ ਸਕਣਗੇ।
ਦੋਹਾਂ ਆਗੂਆਂ ਨੇ ਕਿਹਾ ਕਿ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਸਦਕਾ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਪਰਾਧ, ਅਰਾਜਕਤਾ, ਖੁਦਕੁਸ਼ੀਆਂ 'ਚ ਪਲ-ਪਲ ਢੇਰਾਂ ਵਾਧਾ ਹੋ ਰਿਹਾ ਹੈ। ਲੋਕਾਂ ਤੋਂ ਸਿੱਖਿਆ, ਸਿਹਤ ਸੇਵਾਵਾਂ, ਜਲ ਜੰਗਲ, ਜ਼ਮੀਨ ਤੇ ਹੋਰ ਕੁਦਰਤੀ ਖ਼ਜ਼ਾਨੇ ਖੋਹ ਕੇ ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸ ਪਹੁੰਚ ਸਦਕਾ ਅਮੀਰ-ਗ਼ਰੀਬ ਦਾ ਪਾੜਾ ਵਿਸਫੋਟਕ ਸਥਿਤੀ ਤੱਕ ਪੁੱਜ ਚੁੱਕਾ ਹੈ। ਇਸ ਲਈ ਅੱਜ ਭਾਰਤੀ ਲੋਕਾਂ ਖ਼ਾਸ ਕਰ ਕਿਰਤੀਆਂ ਕੋਲ ਉਕਤ ਨੀਤੀਆਂ ਨੂੰ ਪੂਰੀ ਤਰ੍ਹਾਂ ਨਕਾਰਨ ਵਾਲੇ ਨਿਬੇੜਾ ਕਰੂ ਸੰਘਰਸ਼ਾਂ ਦੀ ਉਸਾਰੀ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਬਚਿਆ ਅਤੇ ਆਰਐਮਪੀਆਈ ਕਿਰਤੀ ਵਰਗ ਦੀ ਇਸ ਉਦੇਸ਼ ਲਈ ਲਾਮਬੰਦੀ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸਾਥੀ ਨਾਹਰ ਅਤੇ ਢੇਸੀ ਨੇ ਸਪਸ਼ਟ ਕੀਤਾ ਕਿ ਮਨੂ ਵਾਦੀ ਪੁੱਠ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸਭਿਆਚਾਰ ਕਰਕੇ ਔਰਤਾਂ, ਖ਼ਾਸ ਕਰ ਬਾਲੜੀਆਂ ਅਤੇ ਦਲਿਤਾਂ ਖ਼ਿਲਾਫ਼ ਬਲਾਤਕਾਰ, ਕਤਲ, ਜਾਤੀ-ਪਾਤੀ ਅੱਤਿਆਚਾਰਾਂ 'ਚ ਵਾਧਾ ਹੋ ਰਿਹਾ ਹੈ ਅਤੇ ਇਸ ਸਭਿਆਚਾਰ ਨੂੰ ਹਾਰ ਦਿੱਤੇ ਬਿਨਾਂ ਔਰਤਾਂ, ਦਲਿਤਾਂ ਦੀ ਸੁਰੱਖਿਆ ਅਸੰਭਵ ਹੈ।
ਆਰਐਮਪੀਆਈ ਆਗੂਆਂ ਨੇ ਫ਼ਿਰਕੂ ਵੰਡ ਦੇ ਸਾਜ਼ਿਸ਼ੀ ਨਿਸ਼ਾਨੇ ਤਹਿਤ ਆਰਐਸਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਘੱਟ ਗਿਣਤੀਆਂ ਖ਼ਾਸ ਕਰ ਮੁਸਲਮਾਨਾਂ ਦੇ ਕੀਤੇ ਜਾ ਰਹੇ ਕਤਲੇਆਮ ਵਿਰੁੱਧ ਵਿਸ਼ਾਲ ਲੋਕ ਲਹਿਰ ਦੀ ਉਸਾਰੀ ਲਈ ਜੁੱਟ ਜਾਣ ਦਾ ਸੱਦਾ ਦਿੱਤਾ।
ਕਮਿਊਨਿਸਟ ਆਗੂਆਂ ਨੇ ਸਮੂਹ ਕਿਰਤੀ ਵਰਗ ਨੂੰ ਲੰਘੀ 2 ਅਪ੍ਰੈਲ ਨੂੰ ਲਾਮਿਸਾਲ ਸਫਲ, ਇਤਿਹਾਸਕ ਭਾਰਤ ਬੰਦ ਲਈ ਕ੍ਰਾਂਤੀਕਾਰੀ ਮੁਬਾਰਕਾਂ ਵੀ ਪੇਸ਼ ਕੀਤੀਆਂ।
ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਰਾਮ ਕਿਸ਼ਨ ਨੇ ਦੱਸਿਆ ਕਿ ਇਸ ਵਾਰ ਦਾ ਕੌਮਾਂਤਰੀ ਮਜ਼ਦੂਰ ਦਿਵਸ ਪਹਿਲੀ ਮਈ ਨੂੰ 'ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਦਿਵਸ' ਵਜੋਂ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਹਾਜ਼ਰ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ 25-26 ਅਪ੍ਰੈਲ ਨੂੰ ਹਰ ਮੁਹੱਲੇ ਵਿੱਚ, ਘਰ-ਘਰ ਜਾ ਕੇ ਕਠੂਆ ਬਲਾਤਕਾਰ ਤੇ ਕਤਲ ਵਿਰੁੱਧ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਕੁੱਦਣ ਦਾ ਸੁਨੇਹਾ ਦਿੱਤਾ ਜਾਵੇ।
ਇਸ ਮੌਕੇ ਸਰਬ ਸਾਥੀ ਹਰੀਮੁਨੀ ਸਿੰਘ, ਬੀਬੀ ਕੰਚਨ, ਬੀਬੀ ਪਾਰਵਤੀ ਅਤੇ ਹੋਰਨਾਂ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ।