sangrami lehar

ਯੂਨਿਰਸਿਟੀ ਗੇਟ ਦਾ ਕੀਤਾ ਘਿਰਾਓ

  • 18/04/2018
  • 07:26 PM

ਅਮ੍ਰਿਤਸਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਅਥਾਹ ਵਾਧਾ ਕਰਨ, ਫੀਸਾਂ ਨਾ ਭਰਨ ’ਤੇ ਜੁਰਮਾਨੇ ਪਾਉਣ ਅਤੇ ਹੋਸਟਲਾਂ ਦੇ ਖਰਚਿਆਂ ਵਿੱਚ ਸੰਭਾਵੀ ਵਾਧੇ ਕਰਨ ਵਿਰੁੱਧ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਪ੍ਰਗਟ ਸਿੰਘ ਜਾਮਾਰਾਏ, ਡਾ. ਗੁਰਮੇਜ ਸਿੰਘ ਤਿੰਮੋਵਾਲ (ਕਿਸਾਨ ਆਗੂ), ਸ਼ਮਸ਼ੇਰ ਸਿੰਘ ਨਵਾਂ ਪਿੰਡ, ਵਿਦਿਆਰਥੀ ਆਗੂ ਅਜੈ ਫਿਲੌਰ ਅਤੇ ਸ਼ੀਤਲ ਸਿੰਘ ਤਲਵੰਡੀ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਆਰਐਮਪੀਆਈ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਹੋਸਟਲ ਖਰਚਿਆਂ ਰਾਹੀਂ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵੀਸੀ ਦੇ ਬਿਆਨਾਂ ਅਨੁਸਾਰ ਸੰਭਾਵਨਾ ਹੈ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਫੀਸਾਂ ਵਿੱਚ ਅਥਾਹ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੀਸਾਂ ਦੇ ਵਾਧੇ ਕਾਰਨ ਸਿੱਖਿਆ ਗਰੀਬ ਬੱਚਿਆਂ ਤੋਂ ਦੂਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫੀਸ ਨਾ ਜਮਾਂ ਕਰਾਉਣ ਕਰਕੇ 25 ਹਜ਼ਾਰ ਜੁਰਮਾਨਾ ਵਸੂਲਣਾ, ਗੋਲਡਨ ਚਾਂਸ ਦੀ ਫੀਸ 25 ਹਜ਼ਾਰ ਰੁਪਏ ਲੈਣੀ ਆਦਿ ਫ਼ੈਸਲੇ ਵਿਦਿਆਰਥੀਆਂ ਨਾਲ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਵਧੇਰੇ ਫੀਸਾਂ ਤੇ ਜੁਰਮਾਨੇ ਵਸੂਲਣ ਦੀ ਥਾਂ ਸਰਕਾਰ ਅਤੇ ਕੇਂਦਰ ਸਰਕਾਰ ’ਤੇ ਦਬਾਅ ਪਾ ਕੇ ਵਧੇਰੇ ਗਰਾਂਟਾਂ  ਲੈਣ ਲਈ ਉਪਰਾਲੇ ਕਰੇ। ਇਸ ਮੌਕੇ ਉਨ੍ਹਾਂ ਆਤਮ ਹੱਤਿਆ ਕਰ ਚੁੱਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ ਤੇ ਪੱਕੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਸਕਤਰੇਤ ਦੇ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਪੰਜਾਬ ਸਰਕਾਰ ਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਫੀਸਾਂ ਅਤੇ ਹੋਸਟਲਾਂ ਦੇ ਖਰਚਿਆਂ ’ਚ ਵਾਧਾ ਕੀਤਾ ਗਿਆ ਤਾਂ ਆਰਐਮਪੀਆਈ ਤੇ ਹੋਰ ਸਿਆਸੀ ਸੰਸਥਾਵਾਂ ਤੇ ਜਥੇਬੰਦੀਆਂ ਵੱਡਾ ਮੰਚ ਬਣਾ ਕੇ ਸੰਘਰਸ਼ ਵਿੱਢੇਗੀ।
ਪਾਰਟੀ ਆਗੂਆਂ ਨੇ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਵੱਲੋਂ ਵੀਸੀ ’ਤੇ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਵੀ ਕੀਤੀ। ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਆਗੂ ਅਤੇ ਜਨਵਾਦੀ ਇਸਤਰੀ ਸਭਾ ਦੀ ਸਕੱਤਰ ਕੰਵਲਜੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਲੜਕੀਆਂ ਲਈ ਪਹਿਲੀ ਤੋਂ ਐਮਏ ਤਕ ਮੁਫਤ ਵਿਦਿਆ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇ।