sangrami lehar

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ

  • 17/04/2018
  • 08:50 PM

ਪਠਾਨਕੋਟ- ਸੰਘ ਪਰਿਵਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਜ਼ਹਿਰੀਲੇ ਫਿਰਕੂ ਪ੍ਰਚਾਰ ਤੇ ਚੇਤਨ ਰੂਪ ਵਿੱਚ ਕੀਤੇ ਗਏ ਜਥੇਬੰਦਕ ਕਾਰਨਾਮਿਆਂ ਕਾਰਨ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਉਪਰ ਅਣਮਨੁੱਖੀ ਤੇ ਘਿਨਾਉਣੇ ਜੁਰਮ ਹੋ ਰਹੇ ਹਨ। ਇਹ ਪ੍ਰਗਟਾਵਾ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਪਿੰਡ ਸੁੰਦਰ ਚੱਕ ’ਚ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦਲਿਤਾਂ, ਦੱਬੇ ਕੁਚਲੇ ਲੋਕਾਂ ਅਤੇ ਔਰਤਾਂ ਦੀ ਬੰਦਖਲਾਸੀ ਲਈ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਰਿੰਦਰ ਮੋਦੀ ਦੇ ਰਾਜ ਵਿੱਚ ਦਲਿਤਾਂ ਤੇ ਪੱਛੜੇ ਵਰਗ ’ਤੇ ਗੰਭੀਰ ਹਮਲੇ ਹੋ ਰਹੇ ਹਨ ਅਤੇ ਆਰਐੱਸਐੱਸ ਇਕ ਵਾਰ ਫਿਰ ਦੇਸ਼ ਵਿੱਚ ਮਨੂੰਵਾਦੀ ਵਿਚਾਰਧਾਰਾ ਵਾਲਾ ਦੌਰ ਲਿਆਉਣਾ ਚਾਹੁੰਦੀ ਹੈ, ਜਿਸ ਵਿੱਚ ਦਲਿਤ ਸਮਾਜ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਡੇ-ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਰ ਘਰਾਣਿਆਂ ਦੇ ਮੁਨਾਫੇ ਨੂੰ ਵਧਾਉਣ ਵਾਲੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਕਾਮਰੇਡ ਪਾਸਲਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰ੍ਹਾਂ ਹੀ ਕੰਮ ਕਰ ਰਹੀ ਹੈ ਤੇ ਚੋਣ ਵਾਅਦਿਆਂ ਨੂੰ ਵਿਸਾਰ ਕੇ ਬੈਠ ਗਈ ਹੈ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਿਰਤੀ ਲੋਕਾਂ ਅਤੇ ਖਾਸਕਰ ਪੇਡੂ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਵੰਡ ਲਈ ਲਾਮਬੰਦੀ ਕਰਨੀ ਪਵੇਗੀ ਤਾਂ ਕਿ ਪੇਂਂਡੂ ਧਨਾਢਾਂ ਤੇ ਜਗੀਰਦਾਰਾਂ ਵੱਲੋਂ ਵਾਧੂ ਦੱਬ ਕੇ ਰੱਖੀ ਹੋਈ ਜ਼ਮੀਨ ਲੋਕਾਂ ਵਿੱਚ ਵੰਡੀ ਜਾ ਸਕੇ। ਇਸ ਮੌਕੇ ਹਜਾਰੀ ਲਾਲ, ਜਨਕ ਕੁਮਾਰ, ਸ਼ਿਵ ਕੁਮਾਰ, ਰਵੀ, ਸੁਰਿੰਦਰ ਸ਼ਾਹ, ਦੇਵ ਰਾਜ, ਬਲਦੇਵ, ਆਸ਼ਾ ਕੁਮਾਰੀ, ਤ੍ਰਿਪਤਾ ਦੇਵੀ, ਵੀਨਾ ਕੁਮਾਰੀ, ਰੇਖਾ ਰਾਣੀ, ਅਨੀਤਾ ਮੌਜੂਦ ਸਨ।