sangrami lehar

ਪ੍ਰਦਰਸ਼ਨ ਕਰਨ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

  • 15/04/2018
  • 08:16 PM

ਸੁਜਾਨਪੁਰ - ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਅੱਠ ਸਾਲਾ ਮਾਸੂਮ ਬੱਚੀ ‘ਆਸਿਫਾ’ ਦਾ ਬਲਾਤਕਾਰ ਤੇ ਕਤਲ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਸੁਜਾਨਪੁਰ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਅਗਵਾਈ ਹੇਠ ਵੱਡੀ ਗਿਣਤੀ ਔਰਤਾਂ ਤੇ ਮਰਦਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਆਸ਼ਾ ਰਾਣੀ ਭਰਿਆਲ ਲਾੜੀ, ਤਿਲਕ ਰਾਜ ਜੈਣੀ, ਅਜੀਤ ਰਾਮ ਗੰਦਲਾ ਲਾਹੜੀ ਤੇ ਮੁਹੰਮਦ ਸ਼ਰੀਫ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਮਾਸਟਰ ਰਘਵੀਰ ਸਿੰਘ, ਸੂਬਾ ਸਕੱਤਰ ਮੈਂਬਰ ਲਾਲ ਚੰਦ ਕਟਾਰੂਚੱਕ, ਨੀਲਮ ਘੁਮਾਣ, ਸ਼ਿਵ ਕੁਮਾਰ ਤੇ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਦੇ ਪਿੰਡ ਰਸਾਨਾ ਵਿੱਚ ਰਹਿੰਦੇ ਗਰੀਬ ਪਰਿਵਾਰ ਦੀ ਅੱਠ ਸਾਲਾ ਮਾਸੂਮ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦੀ ਘਟਨਾ ਨੇ ਸਾਰੇ ਭਾਰਤ ਨੂੰ ਦੁਨੀਆਂ ਵਿੱਚ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸੇ ਕਰਕੇ ਸੰਯੁਕਤ ਰਾਸ਼ਟਰ ਦੇ ਮੁਖੀ ਅਤੇ ਸੁਪਰੀਮ ਕੋਰਟ ਦੇ ਮੁਖੀ ਨੇ ਵੀ ਮੁਲਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ।  ਸਮੂਹ ਬੁਲਾਰਿਆਂ ਨੇ ਮੰਗ ਕੀਤੀ ਕਿ ਫਾਸਟ ਟਰੈਕ ਕੋਰਟਾਂ ਰਾਹੀਂ ਛੇਤੀ ਤੋਂ ਛੇਤੀ ਮੁਲਜ਼ਮਾਂ ਨੂੰ ਫਾਹਾ ਲਾਇਆ ਜਾਵੇ। ਪ੍ਰਦਰਸ਼ਨ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਮਾਸਟਰ ਪ੍ਰੇਮ ਸਾਗਰ, ਦੇਵ ਰਾਜ, ਦਰਸ਼ਨ ਸਿੰਘ, ਦੌਲਤ ਸਿੰਘ ਤੇ ਸ਼ਸ਼ੀ ਬਾਲਾ ਆਦਿ ਆਗੂ ਵੀ ਹਾਜ਼ਰ ਸਨ।