sangrami lehar

ਯੂਨੀਵਰਸਿਟੀ ਵੱਲੋਂ ਫ਼ੀਸਾਂ 'ਚ ਕੀਤੇ ਵਾਧੇ ਖ਼ਿਲਾਫ਼ ਧਰਨਾ ਦੇਣ ਲਈ ਮੀਟਿੰਗ ਬੁਲਾਈ

  • 08/04/2018
  • 9:41 PM

ਅੰਮਿ੍ਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਵੱਖ-ਵੱਖ ਅਕਾਦਮਿਕ ਕੋਰਸਾਂ ਅਤੇ ਕੰਪਾਰਮੈਂਟ ਕੇਸਾਂ ਦੇ ਵਿਸ਼ੇ ਦੇ ਰੀ-ਅਪੀਅਰ ਲਈ ਅਤੇ ਹੋਰਨਾਂ ਕਲਾਸਾਂ ਦੇ ਫੀਸਾਂ, ਫੰਡਾਂ ਤੇ ਦਾਖਲਿਆਂ ਦੀਆਂ ਰਕਮਾਂ 'ਚ 400 ਗੁਣਾ ਤੱਕ ਕੀਤੇ ਗਏ ਵਾਧੇ ਦੀ ਨਿਖੇਧੀ ਕੀਤੀ ਹੈ। ਜਿਸ ਨੂੰ ਲੈ ਕੇ ਸਰਹੱਦੀ ਤੇ ਪੱਛੜੇ ਖੇਤਰ ਦੇ ਵਿਦਿਆਰਥੀਆਂ ਤੋਂ ਇਲਾਵਾ ਕਿਸਾਨ/ਮਜਦੂਰ/ਨੌਜਵਾਨਾਂ 'ਚ ਹਾਹਾਕਾਰ ਮਚ ਗਈ ਹੈ | ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ) ਦੇ ਸੂਬਾ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਸਾਂਝੇ ਤੌਰ 'ਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਪ੍ਰਸ਼ਾਸ਼ਨ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਫੀਸਾਂ, ਫੰਡਾਂ ਤੇ ਦਾਖਲਿਆਂ ਦੀਆਂ ਵਸੂਲੀਆਂ ਜਾ ਰਹੀਆਂ ਰਕਮਾਂ ਪਹਿਲਾਂ ਹੀ ਪੰਜਾਬ ਦੀਆਂ ਹੋਰਨਾਂ ਯੂਨੀਵਰਸਿਟੀਆਂ ਨਾਲੋਂ 2-3 ਗੁਣਾ ਵੱਧ ਹਨ ਅਤੇ ਹੁਣ ਐੱਮ. ਫਿਲ ਕਰਨ ਵਾਲੇ ਵਿਦਿਆਰਥੀਆਂ ਦੀ ਫੀਸ 15 ਹਜ਼ਾਰ ਰੁਪਏ ਤੋਂ ਵਧਾ ਕੇ 70 ਹਜ਼ਾਰ ਰੁਪਏ ਅਤੇ ਵੱਖ ਵੱਖ ਨਵੇਂ ਕੋਰਸਾਂ ਦੀਆਂ ਫੀਸਾਂ 'ਚ 400 ਗੁਣਾ ਵਾਧਾ ਕਰਕੇ 2-2 ਲੱਖ ਰੁਪਏ ਫੀਸਾਂ ਕਰਨ ਤੋਂ ਇਲਾਵਾ ਕੰਪਾਰਮੈਂਟ ਕੇਸਾਂ 'ਚ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਦੇਣ ਲਈ ਪਹਿਲਾਂ ਵਸੂਲੀ ਜਾਂਦੀ 900 ਰੁਪਏ ਫੀਸ 'ਚ ਅਸਹਿ ਵਾਧਾ ਕਰਕੇ 25 ਹਜ਼ਾਰ ਰੁਪਏ ਕਰਕੇ ਵਿਦਿਆਰਥੀਆਂ ਕੋਲੋਂ ਉਚੇਰੀ ਵਿੱਦਿਆ ਦਾ ਹੱਕ ਖੋਹਣ ਦਾ ਕਥਿਤ ਤੌਰ 'ਤੇ ਯਤਨ ਕੀਤਾ ਜਾ ਰਿਹਾ ਹੈ | ਇਸੇ ਤਰ੍ਹਾਂ ਸਮੈਸਟਰ ਸਿਸਟਮ 'ਚ 6 ਮਹੀਨਿਆਂ ਦਾ ਬਾਅਦ ਨਿਰਧਾਰਿਤ ਫੀਸਾਂ ਅਦਾ ਕਰਨ 'ਚ ਅਸਫਲ ਰਹੇ ਵਿਦਿਆਰਥੀਆਂ ਨੂੰ 25-25 ਹਜ਼ਾਰ ਰੁਪਏ ਜੁਰਮਾਨੇ ਠੋਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਕਥਿਤ ਇਨ੍ਹਾਂ ਹੁਕਮਾਂ ਨਾਲ ਗਰੀਬ ਕਿਸਾਨਾਂ, ਮਜਦੂਰਾਂ, ਦਲਿਤਾਂ, ਪਰਿਵਾਰਾਂ ਦੇ ਵਿਦਿਆਰਥੀਆਂ 'ਚ ਹਾਹਾਕਾਰ ਮੱਚ ਗਈ ਹੈ ਅਤੇ ਜੇਕਰ ਯੂਨੀਵਰਸਿਟੀ ਨੇ ਕਥਿਤ ਤੌਰ 'ਤੇ ਆਪਣੇ ਇਨ੍ਹਾਂ ਨਾਦਰਸ਼ਾਹੀ ਹੁਕਮਾਂ ਨੂੰ 15 ਦਿਨਾਂ ਦੇ ਅੰਦਰ ਵਾਪਿਸ ਨਾ ਲਿਆ ਤਾਂ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਵਾਰਿਸਾਂ ਦੀ ਸ਼ਮੂਲੀਅਤ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ, ਪੰਜਾਬ ਸਟੂਡੈਂਟਸ ਫੈੱਡਰੇਸ਼ਨ, ਦਿਹਾਤੀ ਮਜਦੂਰ ਸਭਾ ਤੇ ਪੰਜਾਬ ਨਿਰਮਾਣ ਯੂਨੀਅਨ ਦੇ ਭਰਵੇਂ ਸਹਿਯੋਗ ਨਾਲ ਜ਼ਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ | ਇਸ ਰੋਸ ਧਰਨੇ ਦੀ ਅਗਾਊਾ ਤਿਆਰੀਆਂ ਦੀ ਰੂਪ-ਰੇਖਾ ਘੜਨ ਲਈ 11 ਅਪ੍ਰੈਲ ਨੂੰ ਪਾਰਟੀ ਦੀ ਜ਼ਿਲਾ੍ਹ ਪੱਧਰੀ ਮੀਟਿੰਗ ਬੁਲਾ ਲਈ ਗਈ ਹੈ |