sangrami lehar

ਆਰਐਸਐਸ ਤੇ ਭਾਜਪਾ ਦੀ ਫ਼ਿਰਕਾਪ੍ਰਸਤੀ ਦੇਸ਼ ਲਈ ਘਾਤਕ: ਪਾਸਲਾ

  • 08/04/2018
  • 08:37 PM

ਨਕੋਦਰ  -ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਹੁਸੈਨਾਬਾਦ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ ਅਤੇ ਇਨਕਲਾਬੀ ਨਾਟਕ ਕਰਵਾਏ ਗਏ। ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਰਐਸਐਸ ਤੇ ਭਾਜਪਾ ਵੱਲੋਂ ਦੇਸ਼ ਅੰਦਰ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਦੇਸ਼ ਲਈ ਘਾਤਕ ਹੈ। ਇਥੇ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਸਲਾ ਨੇ ਕਿਹਾ ਕਿ ਕੇਂਦਰੀ ਹਕੂਮਤ ਦੀ ਕਥਿਤ ਸ਼ਹਿ ’ਤੇ ਫਿਰਕੂ ਫਾਸ਼ਵਾਦੀ ਸਕਤੀਆਂ ਵੱਲੋਂ  ਘੱਟਗਿਣਤੀਆਂ ਅਤੇ ਦਲਿਤਾਂ ਉੱਪਰ ਕੀਤੇ ਜਾ ਰਹੇ ਜਬਰ ਕਾਰਨ ਉਨ੍ਹਾਂ ਵਿੱਚ ਡਰ ਤੇ ਸਹਿਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਅੰਦਰ ਫਿਰਕੂ ਨਫ਼ਰਤ ਫੈਲਾ ਕੇ 2019 ਵਿੱਚ ਮੁੜ ਸੱਤਾ ’ਤੇ ਕਾਬਜ਼ ਹੋਣ ਦਾ ਭਰਮ ਪਾਲੀ ਬੈਠੀ ਹੈ। ਭਾਜਪਾ ਦੀ ਕਥਿਤ ਸ਼ਹਿ ’ਤੇ ਫਿਰਕੂ ਜਨੂੰਨੀਆਂ ਵੱਲੋਂ ਖੱਬੇ ਪੱਖੀਆਂ ਉੱਪਰ ਹਮਲੇ ਤੇਜ਼ ਕਰਦਿਆਂ ਲੈਨਿਨ ਤੇ ਡਾ. ਅੰਬੇਡਕਰ ਦੇ ਬੁੱਤਾਂ ਨੂੰ ਤੋੜਿਆ ਜਾ ਰਿਹੈ। ਉਨ੍ਹਾਂ ਕਮਿਊਨਿਸਟ ਇਨਕਲਾਬੀ, ਕਿਰਤੀ ਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫਿਰਕਾਪ੍ਰਸਤੀ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਤਿੱਖੇ ਸੰਘਰਸ਼ ਦਾ ਰਾਹ ਫੜਨ।

ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਾਰਨ ਦੇਸ਼ ਅੰਦਰ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬੰਦ ਨਹੀਂ ਹੋ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦੇ ਕੇ ਉਨ੍ਹਾਂ ਨੂੰ ਮਕਾਨ ਬਣਾਉਣ ਲਈ ਘੱਟੋ-ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਇਸ ਮੌਕੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਇਨਕਲਾਬੀ ਨਾਟਕ ਅਤੇ ਲੋਕ ਪੱਖੀ ਗੀਤ ਵੀ ਪੇਸ਼ ਕੀਤੇ ਗਏ।