sangrami lehar

ਪੁਲੀਸ ਵਧੀਕੀਆਂ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦਾ ਘਿਰਾਓ

  • 06/04/2018
  • 08:32 pM

ਚੋਹਲਾ ਸਾਹਿਬ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ  ਇਲਾਕੇ ਅੰਦਰ ਪੁਲੀਸ ਵਧੀਕੀਆਂ ਖ਼ਿਲਾਫ਼ ਅਤੇ ਲੋਕਾਂ ਦੇ ਹੋਰ ਮਸਲਿਆਂ ਨੂੰ ਲੈ ਥਾਣਾ ਚੋਹਲਾ ਸਾਹਿਬ ਦਾ ਕਈ ਘੰਟਿਆਂ ਤੱਕ ਘਿਰਾਓ ਕਰ ਕੇ ਰੋਸ ਵਿਖਾਵਾ ਕੀਤਾ ਗਿਆ| ਧਰਨਾਕਾਰੀਆਂ ਵੱਲੋਂ  ਪੁਲੀਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ| ਵਿਖਾਵਾਕਾਰੀਆਂ ਵਿਚ ਪਾਰਟੀ ਦੀਆਂ ਔਰਤ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ| ਵਰਕਰਾਂ ਦੀ ਅਗਵਾਈ ਪਾਰਟੀ ਦੇ ਆਗੂ ਦਾਰਾ ਸਿੰਘ ਮੁੰਡਾਪਿੰਡ, ਕਰਮ ਸਿੰਘ ਫਤਿਹਬਾਦ, ਰੇਸ਼ਮ ਸਿੰਘ ਅਤੇ ਬਲਵਿੰਦਰ ਸਿੰਘ ਫੈਲੋਕੇ ਨੇ ਕੀਤੀ| ਇਸ ਮੌਕੇ ਪਾਰਟੀ ਆਗੂ ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ ਅਤੇ ਸੁਲੱਖਣ ਸਿੰਘ ਤੁੜ ਨੇ ਪੁਲੀਸ ਵੱਲੋਂ  ਪਹਿਲੀ ਸਰਕਾਰ ਦੀ ਤਰ੍ਹਾਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕੀਤੇ ਜਾਣ, ਆਮ ਲੋਕਾਂ ਨੂੰ ਨਿਆਂ ਨਾ ਦੇਣ ਅਤੇ ਪੁਲੀਸ ਵੱਲੋਂ  ਸਿਆਸੀ ਇਸ਼ਾਰਿਆਂ ’ਤੇ ਕੰਮ ਕਰਨ ਦਾ ਦੋਸ਼ ਵੀ ਲਾਇਆ| ਆਗੂਆਂ ਦੋਸ਼ ਲਾਇਆ ਕਿ ਚਾਰ ਮਹੀਨੇ ਬੀਤ ਜਾਣ ’ਤੇ ਵੀ ਮੁੰਡਾਪਿੰਡ ਵਿੱਚ ਜਬਰ-ਜਨਾਹ ਦੇ ਮਾਮਲੇ ਦੇ ਮੁਲਜ਼ਮਾਂ ਨੂੰ ਪੁਲੀਸ ਵੱਲੋਂ  ਜਾਣਬੁੱਝ ਕੇ ਕਾਬੂ ਨਹੀਂ ਕੀਤਾ ਜਾ ਰਿਹਾ ਅਤੇ ਇਵੇਂ ਹੀ ਲੋਕਾਂ ਦੇ ਹੋਰ ਮਸਲਿਆਂ ਦਾ ਨਿਪਟਾਰਾ ਨਾ ਕੀਤੇ ਜਾਣ ਦਾ ਦੋਸ਼ ਲਾਇਆ ਗਿਆ। ਆਗੂਆਂ ਨੇ ਥਾਣੇ ਵਿੱਚ ਫੈਲੇ ਭ੍ਰਿਸ਼ਟਾਚਾਰ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਇਲਾਕੇ ਅੰਦਰ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾਣ ਦੇ ਮਾਮਲੇ ਵੀ ਉਠਾਏ। ਡੀਐੱਸਪੀ ਗੋਇੰਦਵਾਲ ਸਾਹਿਬ ਸਤਪਾਲ ਸਿੰਘ ਨੇ ਵਿਖਾਵਾਕਾਰੀਆਂ ਨੂੰ ਪਾਰਟੀ ਵੱਲੋਂ  ਉਠਾਏ ਮਸਲਿਆਂ ’ਤੇ ਵਿਚਾਰ ਕਰਨ ਲਈ ਮੀਟਿੰਗ ਵਿੱਚ ਬੁਲਾਉਣ ਦਾ ਯਕੀਨ ਦਿੱਤੇ ਜਾਣ ’ਤੇ ਘਿਰਾਓ ਸਮਾਪਤ ਕੀਤਾ ਗਿਆ। ਇਸ ਮੌਕੇ ਨਿਰਪਾਲ ਸਿੰਘ ਜੌਨੇਕੇ, ਬਲਵੰਤ ਸਿੰਘ ਜੌਨੇਕੇ, ਸਰਬਜੀਤ ਸਿੰਘ ਭਰੋਵਾਲ, ਡਾ. ਅਜੈਬ ਸਿੰਘ ਜਹਾਂਗੀਰ, ਡਾ. ਪਰਮਜੀਤ ਸਿੰਘ ਕੋਟ ਮੁਹੰਮਦ ਖਾਨ, ਅੰਮ੍ਰਿਤਪਾਲ ਸਿੰਘ, ਨਰਿੰਦਰ ਸਿੰਘ, ਸਵਿੰਦਰ ਸਿੰਘ, ਸੰਤੋਖ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਪੁਲੀਸ ਵੱਲੋਂ  ਰਾਜਸੀ ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਰੋਕੇ ਜਾਣ ਦੀ ਮੰਗ ਵੀ ਕੀਤੀ