sangrami lehar

ਕੈਪਟਨ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਅਸੈਂਬਲੀ ਵੱਲ ਹਜ਼ਾਰਾਂ ਦੀ ਗਿਣਤੀ 'ਚ ਵਿਸ਼ਾਲ ਮਾਰਚ

  • 22/03/2018
  • 08:24 PM

ਚੰਡੀਗੜ੍ਹ/ ਮੁਹਾਲੀ -  ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਪੰਜਾਬ ਵਿਧਾਨ ਸਭਾ ਵੱਲ ਰੋਹ ਭਰਪੂਰ ਮਾਰਚ ਕੀਤਾ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮੰਗਾ ਦੀ ਪ੍ਰਾਪਤੀ ਲਈ ਇਸ ਮਾਰਚ 'ਚ ਨੌਜਵਾਨਾਂ ਨੇ ਭਗਤ ਸਿੰਘ ਦੀ ਫੋਟੋ ਵਾਲੇ ਝੰਡੇ, ਬੈਨਰ ਅਤੇ ਮੰਗਾਂ ਸਬੰਧੀ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ। ਨੌਜਵਾਨ ਨਾਹਰੇ ਲਾ ਰਹੇ ਸਨ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ, ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ, ਨਸ਼ੇ ਦੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿਓ। ਵਿਧਾਨ ਸਭਾ ਵੱਲ ਕੀਤੇ ਜਾ ਰਹੇ ਨੌਜਵਾਨ-ਵਿਦਿਆਰਥੀ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਦੀਪ ਰਤੀਆ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਸਿੰਘ ਮੱਲੂਨੰਗਲ, ਸੁਲੱਖਣ ਸਿੰਘ ਤੁੜ ਅਤੇ ਮਨਜਿੰਦਰ ਢੇਸੀ ਨੇ ਸਾਂਝੇ ਤੌਰ 'ਤੇ ਕੀਤੀ । ਇਸ ਮੌਕੇ ਜੁੜੇ ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ। ਨੌਜਵਾਨਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਹਰੇਕ ਲਈ ਲਾਜ਼ਮੀ ਤੇ ਇਕਸਾਰ ਮੁਫ਼ਤ ਸਿੱਖਿਆ ਅਤੇ ਲੜਕੀਆਂ ਨੂੰ ਪੀ.ਐਚ. ਡੀ. ਤੱਕ ਦੀ ਮੁਫ਼ਤ ਵਿਦਿਆ ਦੇਣ , ਪ੍ਰਤੀ ਮਹੀਨਾ ਪੱਚੀ ਸੌ ਰੁਪਏ ਬੇਰੁਜ਼ਗਾਰੀ ਭੱਤਾ,ਸਮਾਰਟ ਫੋਨ, ਨਸ਼ਿਆਂ ਤੇ ਮੁਕੰਮਲ ਪਾਬੰਦੀ ਅਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਆਦਿ ਤੇ ਉਕਾ ਹੀ ਅਮਲ ਨਹੀਂ ਕੀਤਾ ਗਿਆ। ਸਗੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ, 800 ਸਰਕਾਰੀ ਸਕੂਲਾਂ ਨੂੰ ਪੱਕੇ ਤਾਲੇ ਲਾ ਕੇ, ਆਂਗਣਵਾੜੀ ਸਕੂਲ ਬੰਦ ਕਰਕੇ ਬੇਰੁਜ਼ਗਾਰੀ ਵਿਚ ਅਕਹਿ ਵਾਧਾ ਕੀਤਾ ਹੈ,। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਕੈਪਟਨ ਦੀ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਦੋਹਾਂ ਦੀਆਂ ਨੀਤੀਆਂ ਨਿੱਜੀਕਰਨ ਦੇ ਹੱਕ ਵਿਚ ਹਨ। ਉਨ੍ਹਾਂ ਨੌਜਵਾਨਾਂ ਨੂੰ ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਦੇ ਨਾਹਰੇ ਹੇਠ ਲਾਮਬੰਦ ਹੋ ਕੇ ਹਾਕਮ ਸਰਕਾਰਾਂ ਦੀਆਂ ਨੌਜਵਾਨ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੇ ਗਰੀਬ ਵਰਗ ਦੇ ਬੱਚਿਆਂ ਕੋਲੋਂ ਵਿਦਿਆ ਖੋਹ ਕੇ ਅਮੀਰ ਲੋਕਾਂ ਦੇ ਹੱਥ ਵਿਚ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆ ਦਾ ਨਿਜੀਕਰਨ,ਵਪਾਰੀਕਰਨ ਕਰਕੇ ਹਜ਼ਾਰਾਂ ਸਰਕਾਰੀ ਸਕੂਲ/ਕਾਲਜ ਟੀਚਰਾਂ ਤੋਂ ਵਾਂਝੇ ਕਰ ਦਿੱਤੇ ਹਨ, ਦੂਸਰੇ ਪਾਸੇ ਨਕਲ ਬੰਦ ਕਰਨ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ 'ਚ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਰੈਗੂਲਰ ਭਰੀਆਂ ਜਾਣ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 'ਚ ਸ਼ਾਮਲ ਕੀਤਾ ਜਾਵ,ੇ ਵਿਦਿਆ ਦਾ ਵਪਾਰੀਕਰਨ/ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਪੋਸਟ ਗਰੈਜੁਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫ਼ਤ ਇਕਸਾਰ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਤੁਰੰਤ ਕਾਲਜਾਂ ਨੂੰ ਭੇਜੇ ਜਾਣ, ਲੜਕੀਆਂ ਦੀ ਪੀ.ਐਚ. ਡੀ. ਤੱਕ ਦੀ ਮੁਫ਼ਤ ਸਿਖਿਆ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕੀਤਾ ਜਾਵੇ,ਬਸ ਪਾਸ ਸਹੂਲਤ ਹਰ ਸਰਕਾਰੀ ਅਤੇ ਨਿਜੀ ਬਸ ਅੰਦਰ ਸਖਤੀ ਨਾਲ ਲਾਗੂ ਕਰਕੇ ਹਰ ਅੱਡੇ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ,ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਹਰ ਇੱਕ ਲਈ ਮੁਫ਼ਤ ਸਿਹਤ ਬੀਮਾ ਯੋਜਨਾ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਤਨਖਾਹ ਦਾ ਘੱੱਟੋ ਘੱਟ ਅੱਧਾ ਦਿੱਤਾ ਜਾਵੇ, ਨਸ਼ਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸਮਗਲਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ ਅਤੇ ਪੰਜਾਬ ਅੰਦਰ ਨਵੀਆਂ ਸਨਅਤਾਂ ਲਾਈਆਂ ਜਾਣ ਅਤੇ ਬੰਦ ਪਈਆਂ ਸਨਅਤਾਂ ਨੂੰ ਮੁੜ ਚਾਲੂ ਕੀਤਾ ਜਾਵੇ। ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਨੌਜਵਾਨ ਆਗੂਆਂ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ, ਵਿੱਦਿਆ, ਵਿਗਿਆਨਕ ਵਿਚਾਰਾਂ, ਪ੍ਰਗਤੀਵਾਦੀ ਸਰੋਕਾਰਾਂ ਨਾਲ ਲੈਸ ਕਰਨ ਦੀ ਸੰਘ ਪਰਵਾਰ ਦੀ ਅਗਵਾਈ ਵਿਚ ਫਿਰਕੂ ਸੰਗਠਨਾਂ ਵਲੋਂ ਦੰਗਾਕਾਰੀ ਤੇ ਅਰਾਜਕ ਬੇਲਗਾਮ ਫੌਜਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤੀ ਘਾਤਕ ਹੈ। ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਸੁਰਜੀਤ ਸਿੰਘ ਦੁਧਰਾਏ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਹਰਨੇਕ ਗੁਜਰਵਾਲ, ਦਲਵਿੰਦਰ ਕੁਲਾਰ, ਸੁਰੇਸ਼ ਸਮਾਣਾ, ਜਤਿੰਦਰ ਫਰੀਦਕੋਟ, ਸਿਮਰਜੀਤ ਬਰਾੜ, ਬੰਸੀ ਲਾਲ, ਸੰਦੀਪ ਮਾਨਸਾ, ਤਸਵੀਰ ਖਿਲਚੀਆਂ, ਸੁਖਦੇਵ ਜਵੰਦਾ, ਕਰਮਬੀਰ ਪੱਖੋਕੇ, ਰਮਨਦੀਪ ਘਨੌਰ, ਸਤਨਾਮ ਸੁੱਜੋਂ, ਪ੍ਰਭਾਤ ਕਵੀ, ਸੰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ-ਵਿਦਿਆਰਥੀ ਹਾਜ਼ਰ ਸਨ।