sangrami lehar

ਜਥੇਦਾਰ ਮੋਹਨ ਸਿੰਘ ਮੁਹਾਵਾ ਦੀ 37ਵੀਂ ਬਰਸੀ ਮਨਾਈ

  • 21/03/2018
  • 05:15 PM

ਅਟਾਰੀ - ਕਾਮਰੇਡ ਮੋਹਨ ਸਿੰਘ ਮੁਹਾਵਾ ਦੀ 37ਵੀਂ ਬਰਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੂਰੇ ਇਨਕਲਾਬੀ ਜੋਸ਼ ਨਾਲ ਪਿੰਡ ਮੁਹਾਵਾ ਵਿਖੇ ਮਨਾਈ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਅਜੋਕੇ ਸਮੇਂ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਲੋਕਾਂ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਨਾ ਤਾਂ ਸਰਕਾਰ ਵਲੋਂ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਗਿਆ ਹੈ ਅਤੇ ਨਾ ਹੀ ਗਰੀਬਾਂ ਲਈ ਸ਼ਗਨ ਸਕੀਮ, ਬੁੱਢਾਪਾ ਪੈਨਸ਼ਨ, ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਨਾ ਦੇਣ ਕਰਕੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਹੁਣ ਤੱਕ 16,606 ਮਜ਼ਦੂਰ ਤੇ ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਵੇਖ ਕੇ ਸਾਨੂੰ ਕਾਮਰੇਡ ਮੋਹਨ ਸਿੰਘ ਮੁਹਾਵਾ ਵਰਗੇ ਬਣਨਾ ਪਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਜਥੇ. ਮੋਹਨ ਸਿੰਘ ਮੁਹਾਵਾ ਉੱਘੇ ਦੇਸ਼ ਭਗਤ ਸਨ, ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਲਈ ਨਾਇਕ ਵਜੋਂ ਭੂਮਿਕਾ ਨਿਭਾਈ। ਅੰਗਰੇਜ਼ਾਂ ਅਤੇ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜੇਲ੍ਹਾਂ ਵਿਚ ਰਹੇ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸਰਹੱਦੀ ਕਿਸਾਨਾਂ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਗਰਮ ਰਹੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਪ੍ਰਣ ਕਰੀਏ ਕਿ ਕੰਡਿਆਲੀ ਤਾਰ ਤੋਂ ਪਾਰ ਦਰਪੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ, 10 ਫੁੱਟ ਅਤੇ 44 ਫੁੱਟ ਜ਼ਮੀਨ ਜੋ ਕਿਸਾਨਾਂ ਪਾਸੋਂ ਧੱਕੇ ਨਾਲ ਲਈ ਗਈ ਸੀ, ਦਾ ਮੁਆਵਜ਼ਾ ਲੇਣ, ਬੀ. ਐੱਸ. ਐੱਫ. ਵਲੋਂ ਕਿਸਾਨਾਂ ਦੀ ਹੁੰਦੀ ਖੱਜਲ-ਖੁਆਰੀ ਬੰਦ ਕਰਨ ਅਤੇ ਮੌਤ ਦਾ ਘਰ ਬਣੇ ਹੋਏ ਪੁਲ, ਜਿਨ੍ਹਾਂ 'ਚ ਮੁਹਾਵਾ, ਦਾਉਕੇ, ਮੂਲਾਕੋਟ ਅਤੇ ਧਾਰੀਵਾਲ ਦੀ ਫੌਰੀ ਮੁਰੰਮਤ ਕਰਵਾਉਣ ਆਦਿ ਮੁੱਦਿਆਂ ਤੇ ਸੰਘਰਸ਼ ਕਰਕੇ ਹੱਲ ਕਰਵਾਉਣਾ ਹੀ ਜਥੇਦਾਰ ਮੋਹਨ ਸਿੰਘ ਮੁਹਾਵਾ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਇਸ ਮੌਕੇ ਬੂਟਾ ਸਿੰਘ ਮੋਦੇ, ਪੂਰਨ ਸਿੰਘ ਹਰਦੋ ਰਤਨ, ਕੁਲਦੀਪ ਸਿੰਘ ਘਰਿੰਡੀ, ਮਨਜੀਤ ਸਿੰਘ ਚੀਚਾ, ਰਣਜੀਤ ਸਿੰਘ ਧਨੋਏ, ਹਰਜਿੰਦਰ ਸਿੰਘ ਘਰਿੰਡਾ, ਮਨਜਿੰਦਰ ਸਿੰਘ ਸ਼ਹੂਰਾ, ਫ਼ੌਜੀ ਲੱਖਾ ਸਿੰਘ ਪੱਧਰੀ, ਡਾ. ਹਜ਼ਾਰਾ ਸਿੰਘ ਚੀਮਾ, ਮੁਖਤਾਰ ਸਿੰਘ ਮੁਹਾਵਾ, ਸੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂਨੰਗਲ, ਸੁਖਵਿੰਦਰ ਸਿੰਘ ਲਾਹੌਰੀਮੱਲ, ਸਵਿੰਦਰ ਸਿੰਘ ਖਾਸਾ, ਰਣਜੀਤ ਸਿੰਘ ਦਾਉਕੇ ਕਸ਼ਮੀਰ ਸਿੰਘ ਰਾਜਾਤਾਲ, ਬਲਦੇਵ ਸਿੰਘ ਧਾਰੀਵਾਲ ਆਦਿ ਬੁਲਾਰਿਆਂ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਮੁਹਾਵਾ ਦੇ ਕੈਨੇਡਾ ਰਹਿੰਦੇ ਪੋਤਰੇ ਡਾ. ਨਵਤੇਜ ਸਿੰਘ ਵਲੋਂ ਚਾਹ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਤਰਕਸ਼ੀਲ ਅਤੇ ਕ੍ਰਾਂਤੀਕਾਰੀ ਨਾਟਕ ਵੀ ਪੇਸ਼ ਕੀਤੇ ਗਏ। ਆਰਟ ਨਾਟ ਮੰਚ ਦੇ ਨਿਰਦੇਸ਼ਕ ਮਾਸਟਰ ਕੁਲਜੀਤ ਸਿੰਘ ਵੇਰਕਾ ਦੀ ਨਿਰਦੇਸ਼ਨਾਂ ਹੇਠ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਪੰਜਾਬ ਦੇ ਨੌਜਵਾਨਾਂ ਦੀ ਕਹਾਣੀ ਨੂੰ ਬਿਆਨਦਾ ਨਾਟਕ 'ਅਰਮਾਨ' ਬਾਖੂਬੀ ਪੇਸ਼ ਕਰਨ ਤੋਂ ਇਲਾਵਾ ਕੋਰੀਓਗ੍ਰਾਫ਼ੀ 'ਧੀਆਂ ਦੀ ਪੁਕਾਰ' ਵੀ ਪੇਸ਼ ਕੀਤੀ ਗਈ।