sangrami lehar

ਭਗਤ ਸਿੰਘ ਦੇ ਝੰਡੇ ਨੂੰ ਹੱਥੀਂ ਫੜ ਗੱਭਰੂ ਪੁੱਜਣਗੇ ਚੰਡੀਗੜ੍ਹ

  • 17/03/2018
  • 09:08 PM

ਜੋਧਾਂ - ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 22 ਮਾਰਚ ਨੂੰ ਰੁਜ਼ਗਾਰ ਦੀ ਪ੍ਰਾਪਤੀ ਤੇ ਹੋਰ ਮੰਗਾਂ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਦੇ ਝੰਡੇ ਅਤੇ ਬੈਨਰਾਂ ਹੇਠ ਚੰਡੀਗੜ੍ਹ ਵੱਲ ਨੂੰ ਵਹੀਰਾਂ ਘੱਤੀਆਂ ਜਾ ਰਹੀਆਂ ਹਨ ਤੇ ਪੂਰੇ ਪੰਜਾਬ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਗੱਭਰੂ ਚੰਡੀਗੜ੍ਰ ਵਿਖੇ ਪੁੱਜਣਗੇ। ਇਸ ਗੱਲ ਦਾ ਖੁਲਾਸਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਿਧਆਣਾ ਦੇ ਜ. ਸਕੱਤਰ ਤੇ ਸੂਬਾ ਕਮੇਟੀ ਮੈਂਬਰ ਹਰਨੇਕ ਸਿੰਘ ਗੁੱਜਰਵਾਲ ਅਤੇ ਜ਼ਿਲਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਜੋਧਾਂ ਵਿਖੇ ਨੌਜਵਾਨਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਸਮਾਰਟ ਫੋਨ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਵੱਟਾਂ ਵਟੂਰੀਆਂ ਪਰ ਰਾਜਗੱਦੀ 'ਤੇ ਕਾਬਜ਼ ਹੋਇਆ ਪੰਜਾਬ ਸਰਕਾਰ ਨੂੰ ਇਕ ਸਾਲ ਹੋ ਗਿਆ ਪਰ ਨੌਕਰੀਆਂ ਤੇ ਬੇਰੁਜ਼ਗਾਰੀ ਭੱਤਾ ਦੇਣ ਲਈ ਪੰਜਾਬ ਸਰਕਾਰ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਕੇ ਆਪਣੇ ਕੀਤੇ ਵਾਅਦਿਆਂ ਤੋਂ ਭੱਜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਲਾਮਵੰਦ ਕਰਕੇ ਸਰਕਾਰ ਨੂੰ ਵਾਅਦਾ ਖਿਲਾਫੀ ਨਹੀਂ ਕਰਨ ਦੇਵੇਗੀ।
ਇਸ ਮੌਕੇ ਜੋਧਾਂ ਦੇ ਪ੍ਰਧਾਨ ਅਮਰੀਕ ਸਿੰਘ ਮੀਕਾ, ਮਨਸੂਰਾਂ ਤੋਂ ਸੁਖਵਿੰਦਰ ਕਾਕਾ ਟੇਲਰ ਯੂਨੀਟ ਆਗੂ, ਦੀਪੀ ਜੋਧਾਂ, ਮਨਪਿੰਦਰ ਮਨਸੂਰਾਂ, ਗੋਲਡੀ ਤੇ ਪ੍ਰਦੀਪ ਲਲਤੋਂ, ਰਾਣਾ ਲਤਾਲਾ, ਡਾ. ਕੇਸਰ ਸਿੰਘ, ਡਾ. ਮਹਿੰਦਰ ਸਿੰਘ ਛਪਾਰ ਹਾਜ਼ਰ ਸਨ।