sangrami lehar

ਸੰਘ ਪਰਵਾਰ ਦੇ ਫਿਰਕੂ-ਫਾਸ਼ੀਵਾਦੀ ਹਮਲਿਆਂ ਵਿਰੁੱਧ ਆਰਐੱਮਪੀਆਈ ਵੱਲੋਂ ਵਿਸ਼ਾਲ ਲੋਕ ਮਾਰਚ

  • 14/03/2018
  • 05:22 PM

ਜਲੰਧਰ - ਤ੍ਰਿਪੁਰਾ ਦੀਆਂ ਅਸੰਬਲੀ ਚੋਣਾਂ ਤੋਂ ਬਾਅਦ ਸੰਘ ਪਰਵਾਰ ਵੱਲੋਂ ਕਮਿਊਨਿਸਟਾਂ ਉੱਪਰ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਵਿਰੁੱਧ, ਲੈਨਿਨ-ਪੇਰੀਆਰ-ਅੰਬੇਡਕਰ ਦੇ ਬੁੱਤ ਤੋੜਨ ਦੀਆਂ ਬੁਰਛਾਗਰਦ ਘਟਨਾਵਾਂ ਵਿਰੁੱਧ ਅਤੇ ਕਿਰਤੀ ਜਮਾਤ ਦੀ ਸਦੀਵੀ ਬੰਦਖਲਾਸੀ ਦਾ ਰਾਹ ਦਰਸਾਉਂਦੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ ਦੀ ਚੜ੍ਹਦੀ ਕਲਾ ਲਈ ਅੱਜ ਏਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਇੱਕ 'ਵਿਸ਼ਾਲ ਲੋਕ ਮਾਰਚ' ਕੀਤਾ ਗਿਆ। ਇਸ ਰੋਹ ਭਰੇ ਲੋਕ ਮਾਰਚ ਦੀ ਅਗਵਾਈ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ, ਸੂਬਾ ਸਕੱਤਰੇਤ ਦੇ ਹੋਰ ਸਾਰੇ ਮੈਂਬਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਕਰ ਰਹੇ ਸਨ। ਮਾਰਚ ਦੇ ਅੱਗੇ-ਅੱਗੇ ਮੋਟਰ ਸਾਈਕਲ ਸਵਾਰ ਵਰਕਰ ਜਾ ਰਹੇ ਸਨ, ਜਿਨ੍ਹਾਂ ਲਾਲ ਝੰਡੇ ਚੁੱਕੇ ਹੋਏ ਸਨ। ਉਨ੍ਹਾਂ ਦੇ ਪਿੱਛੇ ਇੱਕ ਫੋਰਵ੍ਹੀਲਰ ਚੱਲ ਰਿਹਾ ਸੀ, ਜਿਸ ਉੱਪਰ ਲੈਨਿਨ, ਕਾਰਲ ਮਾਰਕਸ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ. ਭੀਮ ਰਾਓ ਅੰਬੇਡਕਰ ਅਤੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੀਆਂ ਤਸਵੀਰਾਂ ਸੁਸ਼ੋਭਤ ਸਨ। 'ਮਾਰਕਸਵਾਦ-ਲੈਨਿਨਵਾਦ ਜਿੰਦਾਬਾਦ, ਮਨੂੰਵਾਦ-ਪੂੰਜੀਵਾਦ ਮੁਰਦਾਬਾਦ, ਫਿਰਕੂ-ਫਾਸ਼ੀਵਾਦ ਮੁਰਦਾਬਾਦ, ਲੈਨਿਨ-ਭਗਤ ਸਿੰਘ ਯਾਰ-ਯਾਰ ਤਾਹੀਓਂ ਔਖਾ ਸੰਘ ਪਰਵਾਰ' ਤੇ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਦੀ ਪ੍ਰ੍ਰੇਰਨਾ ਦਿੰਦੇ ਜੋਸ਼ੀਲੇ ਨਾਅਰੇ ਲਾਉਂਦੇ ਲਾਲ ਝੰਡੇ ਤੇ ਲੈਨਿਨ ਦੀਆਂ ਮੂਰਤੀਆਂ ਚੁੱਕੀ ਜਾ ਰਹੇ ਸੈਂਕੜੇ ਵਰਕਰਾਂ ਨੇ ਜਲੰਧਰ ਦੀ ਫਿਜ਼ਾ ਨੂੰ ਅੱਜ ਇੱਕ ਵੱਖਰੀ ਕ੍ਰਾਂਤੀਕਾਰੀ ਦਿੱਖ ਪ੍ਰਦਾਨ ਕਰ ਦਿੱਤੀ। ਇਸ ਲੋਕ ਮਾਰਚ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਕੰਪਲੈਕਸ 'ਚ ਸਰਬ ਸਾਥੀ ਰਤਨ ਸਿੰਘ ਰੰਧਾਵਾ, ਕੁਲਵੰਤ ਸਿੰਘ ਸੰਧੂ ਅਤੇ ਲਾਲ ਚੰਦ ਕਟਾਰੂਚੱਕ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ 'ਚ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਤ੍ਰਿਪੁਰਾ ਤੋਂ ਤੇਜ਼ ਹੋਏ ਫਿਰਕੂ-ਫਾਸ਼ੀਵਾਦੀ ਹਮਲਿਆਂ ਦੇ ਦੌਰ ਨੂੰ ਕੇਵਲ ਸਥਾਨਕ ਲੋਕਾਂ ਦੇ ਆਪ-ਮੁਹਾਰੇ ਗੁੱਸੇ ਦਾ ਪ੍ਰਗਟਾਵਾ ਸਮਝ ਲੈਣਾ ਇੱਕ ਵੱਡੀ ਭੁੱਲ ਹੋਵੇਗੀ। ਇਨ੍ਹਾਂ ਹਮਲਿਆਂ ਲਈ ਬਹੁਤ ਦੇਰ ਤੋਂ ਦੇਸ਼ ਭਰ ਵਿੱਚ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਸੀ। ਉਨ੍ਹਾ ਕਿਹਾ ਕਿ ਸੰਘ ਪਰਵਾਰ ਦੇ ਆਗੂਆਂ ਵੱਲੋਂ ਆਪਣੇ ਨਾਲ ਇਤਫਾਕ ਨਾ ਰੱਖਣ ਵਾਲੇ ਲੋਕਾਂ ਨੂੰ ਵਾਰ-ਵਾਰ ਪਾਕਿਸਤਾਨ ਜਾਂ ਬੰਗਲਾਦੇਸ਼ ਭੇਜ ਦੇਣ ਦੇ ਬਿਆਨ ਅਜਿਹਾ ਮਾਹੌਲ ਤਿਆਰ ਕਰਨ ਲਈ ਹੀ ਦਿੱਤੇ ਜਾ ਰਹੇ ਸਨ। ਸਾਥੀ ਪਾਸਲਾ ਨੇ ਕਿਹਾ ਕਿ ਕਮਿਊਨਿਸਟ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਅਤੇ ਉਨ੍ਹਾਂ ਨੂੰ ਸੰਘ ਪਰਵਾਰ ਦੀ ਇਹ ਚੁਣੌਤੀ ਸਵੀਕਾਰ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਤ੍ਰਿਪੁਰਾ 'ਚ ਲੈਨਿਨ ਦਾ ਬੁੱਤ ਤੋੜ ਕੇ ਸੰਘ ਪਰਵਾਰ ਨੇ ਦੇਸ਼ ਦੇ ਆਜ਼ਾਦੀ ਇਤਿਹਾਸ ਦੀ ਬੇਹੁਰਮਤੀ ਕਰਨ ਦੀ ਹਿਮਾਕਤ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਭਗਤ ਸਿੰਘ ਤੋਂ ਇਲਾਵਾ ਸਾਡੇ ਦੇਸ਼ ਦੇ ਕਈ ਆਜ਼ਾਦੀ ਸੰਗਰਾਮੀਏ ਮਾਰਕਸ ਅਤੇ ਲੈਨਿਨ ਤੋਂ ਪ੍ਰੇਰਣਾ ਲੈਂਦੇ ਸਨ। ਉਨ੍ਹਾ ਕਿਹਾ ਕਿ ਤ੍ਰਿਪੁਰਾ 'ਚ ਲੈਨਿਨ ਦੇ ਬੁੱਤ ਤੋਂ ਬਾਅਦ ਤਾਮਿਲਨਾਡੂ 'ਚ ਪੇਰੀਆਰ ਦੇ ਬੁੱਤ ਦੀ ਬੇਹੁਰਮਤੀ ਅਤੇ ਉੱਤਰ ਪ੍ਰਦੇਸ਼ 'ਚ ਡਾ. ਅੰਬੇਡਕਰ ਦੇ ਬੁੱਤਾਂ ਦੀ ਤੋੜ-ਭੰਨ ਕਰਕੇ ਸੰਘ ਪਰਵਾਰ ਨੇ ਕਮਿਊਨਿਸਟਾਂ ਦੇ ਨਾਲ-ਨਾਲ ਦਲਿਤਾਂ ਪ੍ਰਤੀ ਆਪਣੀ ਦਿਲੀ ਨਫਰਤ ਦਾ ਨੰਗੇ-ਚਿੱਟੇ ਰੂਪ 'ਚ ਪ੍ਰਗਟਾਵਾ ਕੀਤਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਲੋਕ ਸੰਘ ਪਰਵਾਰ ਦੇ ਇਸ ਫਿਰਕੂ-ਫਾਸ਼ੀਵਾਦੀ ਹਮਲੇ ਦਾ ਜਵਾਬ ਜ਼ਰੂਰ ਦੇਣਗੇ।ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਰਘਬੀਰ ਸਿੰਘ ਅਤੇ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮਾਰਕਸਵਾਦ-ਲੈਨਿਨਵਾਦ ਹੀ ਇੱਕ ਅਜਿਹਾ ਫਲਸਫਾ ਹੈ, ਜੋ ਕਿਰਤੀ ਜਮਾਤ ਦੀ ਸਦੀਵੀ ਬੰਦਖਲਾਸੀ ਦਾ ਰਾਹ ਖੋਲ੍ਹਦਾ ਹੈ। ਇਸ ਫਲਸਫੇ ਦੀ ਰਹਿਨੁਮਾਈ ਹੇਠ ਜਮਾਤੀ-ਜਾਤੀ ਤੇ ਲਿੰਗਕ ਵਿਤਕਰੇ ਤੋਂ ਰਹਿਤ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇਗੀ। ਸੰਘ ਪਰਵਾਰ ਦੇ ਫਿਰਕੂ-ਫਾਸ਼ੀਵਾਦੀ ਹਮਲੇ ਇਸ ਫਲਸਫੇ ਤੋਂ ਅਗਵਾਈ ਲੈ ਕੇ ਤੁਰੇ ਹੋਏ ਕਾਫਲਿਆਂ ਦਾ ਰਾਹ ਕਿਸੇ ਵੀ ਹਾਲਤ ਵਿੱਚ ਰੋਕ ਨਹੀਂ ਸਕਣਗੇ। ਰੈਲੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸਾਥੀ ਗੁਰਮੀਤ ਨੇ ਵੀ ਸੰਬੋਧਨ ਕੀਤਾ । ਸਭਨਾ ਬੁਲਾਰਿਆਂ ਨੇ ਇਸ ਫਿਰਕੂ-ਫਾਸ਼ੀਵਾਦੀ ਹਮਲੇ ਦੇ ਟਾਕਰੇ ਲਈ ਸਮੁੱਚੀਆਂ ਖੱਬੇ ਪੱਖੀ ਤਾਕਤਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਕੋਈ ਵੀ ਧਿਰ ਇਸ ਹਮਲੇ ਦਾ ਸਾਹਮਣਾ ਇਕੱਲਿਆਂ ਨਹੀਂ ਕਰ ਸਕਦੀ । ਰੈਲੀ ਦੇ ਆਰੰਭ ਵਿਚ ਉਘੇ ਤੇ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਗੰਧਰਵ ਸੈਨ ਕੌਛੜ ਦੇ ਸਦੀਵੀਂ ਵਿਛੋੜਾ ਦੇ ਜਾਣ 'ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।