sangrami lehar

ਮੰਗ ਪੱਤਰ ਦੇਣ ਗਏ ਮਜ਼ਦੂਰ ਆਗੂਆਂ ਨਾਲ ਧੱਕਾਮੁੱਕੀ

  • 13/03/2018
  • 10:29 PM

​ਜਲੰਧਰ – ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅੱਜ ਇੱਥੇ ਚੋਣਵੇਂ ਵਰਕਰਾਂ 'ਤੇ ਅਧਾਰਿਤ ਇੱਕ ਜਨਤਕ ਵਫਦ, ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰ ਦੇਣ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਪੁੱਜਾ ਤਾਂ ਬਾਹਰਲੇ ਗੇਟ 'ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਮਜ਼ਦੂਰ ਆਗੂਆਂ ਨਾਲ ਧੱਕਾਮੁੱਕੀ ਕੀਤੀ ਗਈ। ਮਜ਼ਦੂਰ ਆਗੂਆਂ ਵੱਲੋਂ ਧੱਕਾਮੁੱਕੀ ਦਾ ਜ਼ਬਰਦਸਤ ਵਿਰੋਧ ਕਰਦਿਆਂ ਪੁਲੀਸ ਤੇ ਸਿਵਲ ਪ੍ਰਸਾਸ਼ਨ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਜਿਸ ਕਰਕੇ ਡੀ.ਸੀ. ਜਲੰਧਰ ਦੀ ਗੈਰ-ਮੌਜੂਦਗੀ 'ਚ ਤਹਿਸੀਲਦਾਰ ਜਲੰਧਰ ਨੇ ਬਾਹਰ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ​ਜ਼ਿਕਰਯੋਗ ਹੈ ਕਿ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅੱਜ ਪੰਜਾਬ ਭਰ ਵਿੱਚ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਦੀ ਅਗਵਾਈ 'ਚ ਆਗੂ-ਵਰਕਰ ਮੰਗ ਪੱਤਰ ਦੇਣ ਗਏ ਸਨ ਪਰ ਪੁਲੀਸ ਮੁਲਾਜ਼ਮਾਂ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ​ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਪੇਂਡੂ ਮਜ਼ਦੂਰ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਜ਼ਦੂਰਾਂ ਤੋਂ ਰਿਹਾਇਸ਼ੀ ਪਲਾਟਾਂ ਸਬੰਧੀ ਅਰਜੀਆਂ ਲੈ ਲਈਆਂ ਪਰ ਮਿੱਥੇ ਪ੍ਰੋਗਰਾਮ ਮੁਤਾਬਿਕ ਉਸਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿੱਚ ਉਕਤ ਮੰਗ ਤੋਂ ਇਲਾਵਾ ਚੋਣਾਂ ਵੇਲੇ ਕੀਤੇ ਵਾਅਦੇ ਲਾਗੂ ਕਰਨ, ਖ਼ੁਦਕੁਸ਼ੀ ਪੀੜਤਾਂ 10-10 ਲੱਖ ਰੁਪਏ ਮੁਆਵਜਾ 'ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨ ਹਿੱਤ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ-ਨਿਕਲਦੀਆਂ ਤੇ ਸਰਕਾਰੀ ਜ਼ਮੀਨਾਂ ਬੇਜ਼ਮੀਨਿਆਂ 'ਚ ਵੰਡਣ, ਪੰਚਾਇਤੀ ਜ਼ਮੀਨਾਂ 'ਚੋਂ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਦੇਣ, ਡੰਮੀ ਬੋਲੀਆਂ ਰੱਦ ਕਰਨ ਆਦਿ ਵਰਗੀਆਂ ਮੰਗਾਂ 'ਤੇ ਅੱਜ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।