sangrami lehar

25 ਨੂੰ ਚਿਤਾਵਨੀ ਰੈਲੀ ਕਰਨ ਦਾ ਐਲਾਨ

  • 13/03/2018
  • 04:16 PM

ਫਿਲੌਰ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਕਾਸ ਦੇ ਗਾਏ ਸੋਹਲਿਆਂ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਸਾਲ 'ਚ ਸਿੱਖਿਆ ਤੰਤਰ ਦਾ ਘਾਣ ਕਰਕੇ ਰੱਖ ਦਿੱਤਾ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਸਕੱਤਰ ਕੁਲਦੀਪ ਦੌੜਕਾ ਅਤੇ ਸਹਾਇਕ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਸਾਰਾ ਸਾਲ ਬੱਚਿਆਂ ਨੂੰ ਪੜ੍ਹਨ ਵਾਸਤੇ ਕਿਤਾਬਾਂ ਨਹੀਂ ਮਿਲੀਆਂ ਅਤੇ ਪਹਿਨਣ ਲਈ ਵਰਦੀਆਂ ਨਹੀਂ ਮਿਲੀਆਂ, ਅਧਿਆਪਕ ਕਈ ਕਈ ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸ ਰਹੇ ਹਨ, ਨਵੇਂ ਸਕੂਲ ਖੋਲ੍ਹਣ ਦੀ ਥਾਂ ਪੁਰਾਣੇ ਚਲਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫ਼ਰਮਾਨ ਜਾਰੀ ਕੀਤੇ ਗਏ ਅਤੇ ਅਧਿਆਪਕਾਂ ਦੀ ਨਵੀਂ ਭਰਤੀ ਕਰਨ ਦੀ ਥਾਂ ਮਿਡਲ ਸਕੂਲਾਂ 'ਚੋਂ ਤਿੰਨ ਤਿੰਨ ਪੋਸਟਾਂ ਸ਼ਿਫ਼ਟ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਬਾਅਦ ਸਰਕਾਰ ਅਧਿਆਪਕਾਂ ਨੂੰ ਵੀ ਖੁਦਕੁਸ਼ੀਆਂ ਦੇ ਰਾਹ ਤੋਰਨ ਲਈ ਮਜਬੂਰ ਕਰ ਰਹੀ ਹੈ, ਜਿਸ ਦਾ ਡਟ ਕੇ ਟਾਕਰਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਰੀਆਂ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਬੈਨਰ ਹੇਠ 14 ਮਾਰਚ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜੇ ਜਾਣਗੇ ਅਤੇ 25 ਮਾਰਚ ਨੂੰ ਲੁਧਿਆਣਾ ਦੀ ਦਾਣਾ ਮੰਡੀ 'ਚ ਚੇਤਾਵਨੀ ਰੈਲੀ ਕੀਤੀ ਜਾ ਰਹੀ ਹੈ।