sangrami lehar

ਕਰਜ਼ਾ ਮਾਫੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਵੱਲੋਂ ਭਰਵੀਂ ਕਾਨਫਰੰਸ

  • 08/03/2018
  • 07:43 PM

ਜਲੰਧਰ - ਦੇਸ਼ ਭਰ 'ਚ ਸੰਘਰਸ਼ਸ਼ੀਲ 200 ਦੇ ਕਰੀਬ ਜੱਥੇਬੰਦੀਆਂ ਅਧਾਰਿਤ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਦੇਸ਼ ਪੱਧ੍ਰੀ ਸੱਦੇ ਤਹਿਤ ਪੰਜਾਬ ਅੰਦਰ ਚੱਲ ਰਹੀ ਯਾਤਰਾ ਮੌਕੇ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਭਰਵੀਂ ਕਾਨਫਰੰਸ ਕਰਕੇ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ਕਾਨਫਰੰਸ ਵਿੱਚ ਮਾਝਾ-ਦੁਆਬਾ ਖੇਤਰ ਦੇ ਜ਼ਿਲ੍ਹਿਆਂ ਤੋਂ ਕਿਸਾਨ ਤੇ ਮਜ਼ਦੂਰ ਸ਼ਾਮਲ ਹੋਏ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਰਜ਼ਾ ਮਾਫੀ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਦਮਗਜੇ ਮਾਰਨ ਵਾਲੀ ਮੋਦੀ ਸਰਕਾਰ ਵੀ ਜੁਮਲੇਬਾਜ ਸਰਕਾਰ ਸਾਬਤ ਹੋਈ ਹੈ। ਕੋਈ ਸਰਕਾਰ ਖੇਤੀ ਧੰਦੇ ਨੂੰ ਬਚਾਉਣ ਵਾਲੇ ਪਾਸੇ ਕੰਮ ਨਹੀਂ ਕਰ ਰਹੀ। ਸਰਕਾਰਾਂ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ। ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਸਿੱਟਾ ਖੇਤੀ ਦੀਆਂ ਲਾਗ ਕੀਮਤਾਂ ਵਧ ਰਹੀਆਂ ਹਨ ਤੇ ਫ਼ਸਲਾਂ ਦਾ ਸਹੀ ਭਾਅ ਕਿਸਾਨਾਂ ਨੂੰ ਮਿਲਦਾ ਨਹੀਂ ਤੇ ਉਪਰੋਂ ਕਈ ਵਾਰ ਕੁਦਰਤੀ ਕਰੋਪੀ ਵੀ ਕਿਸਾਨਾਂ-ਮਜ਼ਦੂਰਾਂ ਨੂੰ ਮਾਰ ਲੈਂਦੀ ਹੈ। ਸਿੱਟੇ ਵਜੋਂ ਕਿਸਾਨਾਂ ਦਾ ਪੋਟਾ-ਪੋਟਾ ਕਰਜ਼ੇ 'ਚ ਵਿਨ੍ਹਿਆ ਪਿਆ ਹੈ। ਸਰਕਾਰਾਂ ਦੀ ਬੇਰੁਖ਼ੀ ਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਦੇ ਕਾਰਨ ਕੋਈ ਆਸ ਨਾ ਦਿਖਦੀ ਹੋਣ ਕਾਰਨ ਲੱਖਾਂ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨਾਂ-ਮਜ਼ਦੂਰਾਂ ਦਾ ਵਾਅਦੇ ਮੁਤਾਬਿਕ ਕਰਜ਼ਾ ਮਾਫ਼ ਕਰਨ ਦੀ ਥਾਂ ਕਾਰਪੋਰੇਟ ਤੇ ਸਨਅਤੀ ਘਰਾਣਿਆਂ ਦੇ ਲੱਖਾਂ ਕਰੋੜਾਂ ਕਰਜ਼ੇ ਮਾਫ਼ ਕਰ ਦਿੱਤੇ ਗਏ। ਕਾਲਾ ਧਨ ਬਾਹਰੋਂ ਵਾਪਸ ਲਿਆ ਕੇ 15-15 ਲੱਖ ਹਰ ਇੱਕ ਦੇ ਖਾਤੇ 'ਚ ਪਾਉਣ ਦਾ ਵਾਅਦਾ ਜੁਮਲੇਬਾਜੀ ਸਾਬਤ ਹੋਇਆ। ਸਗੋਂ ਉਲਟ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਕਰੋੜ ਲੈ ਕੇ ਮੋਦੀ, ਮਾਲਿਆ ਵਰਗੇ ਦੇਸ਼ 'ਚ ਰਫੂਚੱਕਰ ਹੋ ਗਏ। ਜੀ.ਐਸ.ਟੀ. ਦੀ ਮਾਰ ਵੀ ਗਰੀਬ ਕਿਸਾਨਾਂ ਝੱਲਣ ਲਈ ਮਜਬੂਰ ਹਨ। ਦੇਸ਼ ਭਰ 'ਚ ਜੰਗਲ ਲਾਉਣ ਤੇ ਕੱਟਣ ਦੇ ਨਾਂ 'ਤੇ ਕਿਸਾਨਾਂ ਤੇ ਆਦਿਵਾਸੀਆਂ ਨੂੰ ਉਜਾੜ ਕੇ ਜ਼ਮੀਨਾਂ ਕਾਰਪੋਰੇਟ ਹਵਾਲੇ ਕਰਨ ਦਾ ਰਾਹ ਅਪਣਾਇਆ ਹੋਇਆ ਹੈ ਅਤੇ ਵਿਰੋਧ ਦੀ ਆਵਾਜ਼ ਕੁਚਲਣ ਲਈ ਕਾਲੇ ਕਾਨੂੰਨਾਂ ਤਹਿਤ ਜਬਰ ਕੀਤਾ ਜਾ ਰਿਹਾ ਹੈ।
ਕਾਨਫਰੰਸ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਵੀ.ਐਮ. ਸਿੰਘ, ਕੋਰ ਕਮੇਟੀ ਦੇ ਮੈਂਬਰ ਰਾਜੂ ਸ਼ੈੱਟੀ (ਲੋਕ ਸਭਾ ਮੈਂਬਰ), ਕੇਂਦਰੀ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੇਂਦਰੀ ਕਮੇਟੀ ਦੇ ਸਕੱਤਰ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੇ ਜਨ. ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਨਜੀਤ ਸਿੰਘ ਧਨੇਰ, ਜੈ ਕਿਸਾਨ ਅੰਦੋਲਨ ਦੇ ਤਰਸੇਮ ਜੋਧਾਂ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ ਦੇ ਹਰਜਿੰਦਰ ਸਿੰਘ ਟਾਂਡਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਰਾਜ ਸਿੰਘ ਮੱਲੋਕੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਰੰਧਾਵਾ ਆਦਿ ਨੇ ਸੰਬੋਧਨ ਕੀਤਾ।