sangrami lehar

ਦੁਸਾਂਝ ਕਲਾਂ ਵਿਖੇ ਕੇਰਲ ਦੇ ਸਾਥੀਆਂ ਨਾਲ ਇਕਮੁਠਤਾ ਦਾ ਪ੍ਰਗਟਾਵਾ

  • 08/03/2018
  • 07:39 PM

ਫਿਲੌਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਅੱਜ ਪਿੰਡ ਦੁਸਾਂਝ ਕਲਾਂ ਵਿਖੇ ਕੇਰਲ ਦੇ ਉਨ੍ਹਾਂ ਸਾਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਉੱਪਰ ਪਿਛਲੇ ਦਿਨੀਂ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਨੇ ਜਾਨਲੇਵਾ ਹਮਲੇ ਕੀਤੇ ਅਤੇ ਉਨ੍ਹਾਂ ਦੇ ਘਰਾਂ, ਦੁਕਾਨਾਂ ਅਤੇ ਹੋਰ ਜਾਇਦਾਦਾਂ ਦੀ ਭੰਨਤੋੜ ਕੀਤੀ ਸੀ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਹਮਲਾਵਰਾਂ ਨੇ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਤੇ ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ.ਰੇਮਾ ਵਿਰੁੱਧ ਘਟੀਆਂ ਪ੍ਰਚਾਰ ਵੀ ਕੀਤਾ ਸੀ। ਉਨ੍ਹਾਂ ਆਰਐਸਐਸ ਵੱਲੋਂ ਤ੍ਰਿਪੁਰਾ 'ਚ ਕੀਤੀ ਗੁੰਡਾਗਰਦੀ ਵੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੈਨਿਨ ਨੂੰ ਵਿਦੇਸ਼ੀ ਦੱਸਿਆ ਜਾ ਰਿਹਾ ਹੈ ਅਤੇ ਜੇ ਇਹੀ ਅਧਾਰ ਕਾਇਮ ਰੱਖਣਾ ਹੈ ਤਾਂ ਭਾਰਤ ਦੇ ਨਾਇਕਾਂ ਨੂੰ ਵੀ ਵਿਦੇਸ਼ਾਂ 'ਚ ਚਰਚਾ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਤੋੜਿਆ ਲੈਨਿਨ ਦਾ ਬੁੱਤ ਮੁੜ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਅਤੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮਾ. ਸ਼ਿੰਗਾਰਾ ਸਿੰਘ ਦੁਸਾਂਝ ਅਤੇ ਸੁਖ ਰਾਮ ਵੀ ਸੰਬੋਧਨ ਕੀਤਾ।