sangrami lehar

ਆਰ.ਐਮ.ਪੀ.ਆਈ. ਨੇ ਰੈਲੀਆਂ ਤੇ ਮੁਜ਼ਾਹਰੇ ਕਰਕੇ ਕੇਰਲ ਦੇ ਸਾਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ

  • 08/03/2018
  • 05:32 PM

ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਅੱਜ ਸਮੁੱਚੇ ਪ੍ਰਾਂਤ ਅੰਦਰ ਰੈਲੀਆਂ ਤੇ ਮੁਜ਼ਾਹਰੇ ਕਰਕੇ ਕੇਰਲ ਦੇ ਉਨ੍ਹਾਂ ਸਾਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਉਪਰ ਪਿਛਲੇ ਦਿਨੀਂ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਨੇ ਜਾਨਲੇਵਾ ਹਮਲੇ ਕੀਤੇ ਅਤੇ ਉਨ੍ਹਾਂ ਦੇ ਘਰਾਂ, ਦੁਕਾਨਾਂ ਅਤੇ ਹੋਰ ਜਾਇਦਾਦਾਂ ਦੀ ਭੰਨਤੋੜ ਕੀਤੀ ਹੈ। ਪਾਰਟੀ ਦੇ ਸਕੱਤਰ ਕਾਮਰੇਡ ਹਰਕੰਵਲ ਸਿੰਘ ਵਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਰਾਹੀ ਦੱਸਿਆ ਗਿਆ ਹੈ ਕਿ ਪਾਰਟੀ ਦੇ ਸੂਬਾਈ ਕੇਂਦਰ ਵਿਚ ਪੁੱਜੀਆਂ ਖਬਰਾਂ ਅਨੁਸਾਰ ਬਟਾਲਾ, ਪੱਟੀ, ਤਰਨ ਤਾਰਨ, ਰਈਆ, ਮੁਕਤਸਰ ਸਾਹਿਬ, ਪਠਾਨਕੋਟ, ਮਾਹਲਪੁਰ, ਸੰਗਤ ਮੰਡੀ, ਸਰਦੂਲਗੜ੍ਹ, ਨਕੋਦਰ, ਦੁਸਾਂਝ ਕਲਾਂ, ਫਿਲੌਰ, ਅਟਾਰੀ ਆਦਿ ਅਨੇਕਾਂ ਥਾਵਾਂ 'ਤੇ ਕੀਤੀਆਂ ਗਈਆਂ ਇਨ੍ਹਾਂ ਰੈਲੀਆਂ ਵਿਚ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਤੇ ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ.ਰੇਮਾ ਵਿਰੁੱਧ ਇਨ੍ਹਾਂ ਗੁੰਡਾਂ ਅਨਸਰਾਂ ਵਲੋਂ ਸੋਸ਼ਲ ਮੀਡੀਏ ਰਾਹੀਂ ਕੀਤੇ ਜਾ ਰਹੇ ਘਟੀਆ ਕਿਸਮ ਦੇ ਪ੍ਰਚਾਰ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਇਨ੍ਹਾਂ ਰੈਲੀਆਂ ਨੂੰ ਪਾਰਟੀ ਦੇ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਅਤੇ ਕੈਸ਼ੀਅਰ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ, ਸਰਵਸਾਥੀ ਰਘਬੀਰ ਸਿੰਘ ਬਟਾਲਾ, ਸ਼ਮਸ਼ੇਰ ਸਿੰਘ, ਨੱਥਾ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਡਾ. ਕਰਮਜੀਤ ਸਿੰਘ, ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਪਰਮਜੀਤ ਰੰਧਾਵਾ, ਸਰਬਜੀਤ ਗਿੱਲ, ਜਰਨੈਲ ਫਿਲੌਰ, ਮਹੀਪਾਲ, ਮਿੱਠੂ ਸਿੰਘ ਘੁੱਦਾ, ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ, ਗੁਰਨਾਮ ਸਿੰਘ ਦਾਊਦ ਅਤੇ ਅਮਰੀਕ ਸਿੰਘ ਆਦਿ ਨੇ ਸੰਬੋੋਧਨ ਕੀਤਾ।
ਬੁਲਾਰਿਆਂ ਨੇ ਤ੍ਰਿਪੁਰਾ ਵਿਚ ਚੋਣਾਂ ਜਿੱਤਣ ਉਪਰੰਤ ਆਰ.ਐਸ.ਐਸ. ਅਤੇ ਭਾਜਪਾ ਦੇ ਗੁੰਡਿਆਂ ਵਲੋਂ ਮਹਾਨ ਲੈਨਿਨ ਦੇ ਬੁੱਤ ਤੋੜਨ ਅਤੇ ਵਿਰੋਧੀ ਧਿਰ ਸੀ.ਪੀ.ਐਮ. ਦੇ ਦਫਤਰਾਂ 'ਤੇ ਹਮਲੇ ਕਰਕੇ ਭਿਆਨਕ ਭੰਨ ਤੋੜ ਕਰਨ, ਸਮਾਨ ਲੁੱਟਣ ਤੇ ਵਰਕਰਾਂ ਉਪਰ ਜਾਨਲੇਵਾ ਹਮਲੇ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਅਲੀਗੜ੍ਹ ਅਤੇ ਮੇਰਠ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਅਤੇ ਵੈਲੂਰ  (ਤਾਮਿਲਨਾਡੂ) ਵਿਚ ਈ.ਵੀ.ਰਾਮਾਸਵਾਮੀ ਪਰਿਆਰ ਦੇ ਬੁੱਤਾਂ ਨੂੰ ਅਪਮਾਨਿਤ ਕਰਨ ਪਿੱਛੇ ਵੀ ਇਨ੍ਹਾਂ ਪਿਛਾਖੜੀ ਤੱਤਾਂ ਦਾ ਅਪਰਾਧੀ ਚਿਹਰਾ ਸਪੱਸ਼ਟ ਦਿਖਾਈ ਦਿੰਦਾ ਹੈ। ਆਰ.ਐਮ.ਪੀ.ਆਈ. ਦੇ ਆਗੂਆਂ ਨੇ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰੂ ਭਾਜਪਾ ਦੇ ਇਸ ਫਿਰਕੂਫਾਸ਼ੀਵਾਦ ਦਾ ਇਕਮੁੱਠ ਹੋ ਕੇ ਡਟਵਾਂ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ।