sangrami lehar

ਕੌਮਾਂਤਰੀ ਮਹਿਲਾ ਦਿਵਸ 'ਤੇ ਜਨਵਾਦੀ ਇਸਤਰੀ ਸਭਾ ਵਲੋਂ ਪ੍ਰਭਾਵਸ਼ਾਲੀ ਰੈਲੀ ਤੇ ਮੁਜ਼ਾਹਰਾ

  • 08/03/2018
  • 05:28 PM

ਜਲੰਧਰ - ਜਨਵਾਦੀ ਇਸਤਰੀ ਸਭਾ ਪੰਜਾਬ ਨੇ ਅੱਜ ਏਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕ ਹਜ਼ਾਰ ਤੋਂ ਵੀ ਵੱਧ ਔਰਤਾਂ ਦਾ ਇਕ ਪ੍ਰਭਾਵਸ਼ਾਲੀ ਇਕੱਠ ਕਰਕੇ ਕੌਮਾਂਤਰੀ ਮਹਿਲਾ ਦਿਵਸ ਨੂੰ 'ਸੰਕਲਪ ਦਿਵਸ' ਵਜੋਂ ਮਨਾਇਆ। ਸਭਾ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ (ਰੋਪੜ) ਅਤੇ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਦੀ ਅਗਵਾਈ ਹੇਠ ਪ੍ਰਾਂਤ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ, ਆਪਣੀਆਂ ਮੰਗਾਂ-ਉਮੰਗਾਂ  ਨੂੰ ਰੂਪਮਾਨ ਕਰਦੇ, ਜੋਸ਼ ਭਰਪੂਰ ਨਾਅਰੇ ਮਾਰਦੀਆਂ ਇਸ ਸੰਮੇਲਨ ਵਿਚ ਸ਼ਾਮਲ ਹੋਈਆਂ।
ਖਚਾ-ਖਚ ਭਰੇ ਹੋਏ ਹਾਲ ਵਿਚ ਬੀਬੀ ਦਰਸ਼ਨ ਕੌਰ, ਬੀਬੀ ਨੀਨਾ ਜੌਹਨ, ਡਾ. ਰਘਬੀਰ ਕੌਰ, ਬੀਬੀ ਪਾਰਵਤੀ ਦੇਵੀ ਅਤੇ ਬੀਬੀ ਹਰਮਨਪ੍ਰੀਤ ਕੌਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਏ ਇਸ ਭਰਵੇਂ ਇਕੱਠ ਨੂੰ ਨਾਰੀ ਮੁਕਤੀ ਦੀ ਵਡੇਰੀ ਲਹਿਰ ਨੂੰ ਜਥੇਬੰਦ ਕਰ ਰਹੀਆਂ ਆਗੂ ਭੈਣਾਂ ਤੋਂ ਇਲਾਵਾ ਨਿਗੂਣੇ ਮਾਣ ਭੱਤੇ 'ਤੇ ਕੰਮ ਕਰ ਰਹੀਆਂ  ਆਂਗਣਬਾੜੀ ਮੁਲਾਜ਼ਮਾਂ, ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਦੀਆਂ ਜਥੇਬੰਦੀਆਂ ਨਾਲ ਸਬੰਧਤ ਆਗੂ ਭੈਣਾਂ ਨੇ ਵੀ ਸੰਬੋਧਨ ਕੀਤਾ ਅਤੇ ਔਰਤਾਂ ਦੀਆਂ ਹਰ ਪੱਖੋਂ ਦਰਦਨਾਕ ਹਾਲਤਾਂ ਨੂੰ ਬਿਆਨਿਆਂ। ਮੀਟਿੰਗ ਦੇ ਆਰੰਭ ਵਿਚ ਡਾ. ਰਘਬੀਰ ਕੌਰ ਸਾਬਕਾ ਸਕੱਤਰ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮਾਣਮੱਤੇ ਇਤਿਹਾਸ ਉਪਰ ਸੰਖੇਪ ਰੂਪ ਵਿਚ ਚਾਨਣਾ ਪਾਉਣ ਤੋਂ ਇਲਾਵਾ ਇਸ ਮਹਾਨ ਇਤਿਹਾਸਕ ਦਿਵਸ ਦੇ ਅਜੋਕੇ ਮਹੱਤਵ ਦੀ ਵੀ ਵਿਸਥਾਰ ਸਹਿਤ ਵਿਆਖਿਆ ਕੀਤੀ।
ਔਰਤਾਂ ਦੇ ਇਸ ਵਿਸ਼ਾਲ ਇਕੱਠ ਨੂੰੂ ਸੰਬੋਧਨ ਕਰਦਿਆਂ ਮਜ਼ਦੂਰ ਲਹਿਰ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਮਰਦਾਂ ਬਰਾਬਰ ਅਧਿਕਾਰਾਂ ਦੀ ਪ੍ਰਾਪਤੀ ਲਈ ਔਰਤਾ ਨੂੰ ਸ਼ਕਤੀਸ਼ਾਲੀ ਜਥੇਬੰਦੀ ਉਸਾਰਨ ਅਤੇ ਦਰਿੜਤਾ ਭਰਪੂਰ ਸੰਘਰਸ਼ ਕਰਨ ਵਾਸਤੇ ਪ੍ਰੇਰਿਤ ਕਰਨ ਦੇ ਨਾਲ ਨਾਲ ਔਰਤਾਂ ਦੀ ਇੱਜ਼ਤ-ਆਬਰੂ ਤੇ ਵੱਧ ਰਹੇ ਅਤੀ ਘਿਨੌਣੇ ਹਮਲਿਆਂ, ਉਨ੍ਹਾਂ ਦੇ ਸਮਾਜਿਕ ਪੱਛੜੇਵੇਂ ਅਤੇ ਆਰਥਕ ਲੁੱਟ ਲਈ ਮੌਜੂਦਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਵੀ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਵਲੋਂ ਔਰਤਾਂ ਤੋਂ ਮਾਮੂਲੀ ਜਿਹੇ ਮਾਣ ਭੱਤੇ 'ਤੇ ਪੂਰੇ ਮੁਲਾਜ਼ਮਾਂ ਬਰਾਬਰ ਪੂਰਾ ਕੰਮ ਲੈਣਾ ਭਾਰਤੀ ਹਾਕਮਾਂ ਦੀ ਸਭ ਤੋਂ ਵੱਡੀ ਬੇਇਨਸਾਫੀ ਹੈ। ਘਰੇਲੂ ਮਜ਼ਦੂਰ ਔਰਤਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ ਤਾਂ ਇਹਨਾਂ ਸਰਕਾਰਾਂ ਕੋਲ ਕੋਈ ਕਾਨੂੰਨ ਬਣਾਉਣ ਦਾ ਵੀ ਵਿਹਲ ਨਹੀਂ ਹੈ। ਮਨਰੇਗਾ ਸਕੀਮ ਅਧੀਨ ਕੰਮ ਕਰਦੀਆਂ ਔਰਤਾਂ ਨਾਲ ਕੀਤੇ ਜਾਂਦੇ ਧੱਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੇਵਲ ਉਜਰਤਾਂ ਹੀ ਮਹੀਨਿਆਂ ਬੱਧੀ ਨਹੀਂ ਲਟਕਾਈਆਂ ਜਾਂਦੀਆਂ ਬਲਕਿ 100 ਦਿਨ ਦਾ ਰੁਜ਼ਗਾਰ ਨਾ ਦੇ ਕੇ ਵੀ ਸਰਕਾਰੀ ਅਧਿਕਾਰੀ ਇਸ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਹੋ ਹਾਲ ਘਰੇਲੂ ਹਿੰਸਾ ਰੋਕਣ ਵਾਲੇ ਕਾਨੂੰਨ ਦਾ ਹੈ। ਜਿਸ ਦੀ ਥਾਂ ਥਾਂ ਉਲੰਘਣਾ ਹੋ ਰਹੀ ਹੈ ਪਰ ਕਿਸੇ ਸਰਕਾਰੀ ਅਧਿਕਾਰੀ ਨੂੰ ਇਹ ਦਿਖਾਈ ਨਹੀਂ ਦਿੰਦੀ। ਸਾਥੀ ਪਾਸਲਾ ਨੇ ਕਿਹਾ ਕਿ ਸੰਘ ਪਰਿਵਾਰ ਦੀ ਕਮਾਂਡ ਹੇਠ ਕੰਮ ਕਰ ਰਹੀ ਮੋਦੀ ਸਰਕਾਰ ਤਾਂ ਦੇਸ਼ ਅੰਦਰ ਪਿਛਾਖੜੀ ਮਨੂੰਵਾਦੀ ਤੇ ਹਨੇਰਵਿਰਤੀਵਾਦੀ ਸੰਸਕ੍ਰਿਤੀ ਨੂੰ ਸੁਰਜੀਤ ਕਰਨ 'ਤੇ ਤੁਲ ਗਈ ਹੈ। ਜਿਸ ਨਾਲ ਔਰਤ ਦੀ ਸਮਾਜਿਕ-ਆਰਥਿਕ ਦਸ਼ਾ ਵਿਸ਼ੇਸ਼ ਤੌਰ 'ਤੇ ਦਲਿਤ ਪਰਿਵਾਰਾਂ ਨਾਲ ਸਬੰਧਤ ਔਰਤਾਂ ਦੀ ਦਸ਼ਾ ਨਿਸ਼ਚੇ ਹੀ ਹੋਰ ਵੀ ਵਧੇਰੇ ਨਿੱਘਰ ਜਾਣੀ ਹੈ। ਇਸ ਦੇ ਟਾਕਰੇ ਲਈ ਦੇਸ਼ ਭਰ ਦੀਆਂ ਅਗਾਂਹਵਧੂ ਸ਼ਕਤੀਆਂ ਥਾਂ ਪੁਰ ਥਾਂ ਇਕਜੁਟ ਹੋ ਕੇ ਜ਼ੋਰਦਾਰ ਸੰਘਰਸ਼ ਲਾਮਬੰਦ ਕਰ ਰਹੀਆਂ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਆਪਣੇ ਸਾਰੇ ਦੁੱਖਾਂ ਦਰਦਾਂ ਤੋਂ ਰਾਹਤ ਪ੍ਰਾਪਤ ਕਰਨ ਲਈ ਇਕਜੁਟ ਹੋ ਕੇ ਸੰਘਰਸ਼ ਕਰਨ ਦੇ ਨਾਲ ਨਾਲ ਵਡੇਰੇ ਜਨਤਕ ਘੋਲਾਂ ਵਿਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।
ਇਸ ਇਕੱਤਰਤਾ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਕੇਰਲਾ ਪ੍ਰਾਂਤ ਅੰਦਰ ਔਰਤਾਂ ਦੀ ਆਗੂ ਕਾਮਰੇਡ ਕੇ.ਕੇ. ਰੇਮਾ ਦੇ ਮਾਨ-ਸਨਮਾਨ ਉਪਰ ਗੁੰਡਿਆਂ ਵਲੋਂ ਕੀਤੇ ਗਏ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਕੱਠ ਵਿਚ ਪਾਸ ਕੀਤੇ ਗਏ ਕੁਝ ਹੋਰ ਮਤਿਆਂ ਰਾਹੀਂ ਔਰਤਾਂ ਵਾਸਤੇ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ 33% ਸੀਟਾਂ ਰਾਖਵੀਆਂ ਕਰਨ, ਔਰਤਾਂ ਲਈ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਰੁਜ਼ਗਾਰ ਦੇਣ ਅਤੇ ਔਰਤਾਂ 'ਤੇ ਵੱਧ ਰਹੇ ਜਿਣਸੀ ਜਬਰ ਵਿਰੁੱਧ ਵੀ ਮਤੇ ਪਾਸ ਕੀਤੇ ਗਏ।
ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਨੂੰ ਕੰਵਲਜੀਤ ਕੌਰ ਅੰਮ੍ਰਿਤਸਰ, ਹਰਮਨਪ੍ਰੀਤ ਕੌਰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਆਗੂ, ਬਿਮਲਾ ਦੇਵੀ ਕੈਸ਼ੀਅਰ ਜਨਵਾਦੀ ਇਸਤਰੀ ਸਭਾ ਪੰਜਾਬ, ਹਰਪਾਲ ਕੌਰ ਪ੍ਰਧਾਨ ਆਂਗਣਵਾੜੀ ਮੁਲਾਜਮ ਯੂਨੀਅਨ, ਤਲਵਿੰਦਰ ਕੌਰ ਬਟਾਲਾ ਨੇ ਵੀ ਸੰਬੋਧਨ ਕੀਤਾ। ਕਾਮਰੇਡ ਨੀਲਮ ਘੁਮਾਣ ਨੇ ਇਸ 'ਸੰਕਲਪ ਦਿਵਸ' ਸਮਾਗਮ ਦਾ ਸਮੁੱਚਾ ਸੰਚਾਲਨ ਕੀਤਾ।
ਇਸ ਸੰਕਲਪ ਸਮਾਗਮ ਤੋਂ ਬਾਅਦ ਉਪਰੋਕਤ ਸਾਰੇ ਆਗੂਆਂ ਦੀ ਅਗਵਾਈ ਹੇਠ ਸ਼ਹਿਰ ਵਿਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਜਿਸ ਦੌਰਾਨ ਔਰਤਾਂ ਆਪਣੇ ਹੱਕਾਂ ਲਈ ਜ਼ੋਰਦਾਰ ਨਾਅਰੇ ਮਾਰ ਰਹੀਆਂ ਸਨ। ਉਨ੍ਹਾਂ ਨੇ ਆਪਣੇ ਹੱਥਾਂ ਵਿਚ ਆਪਣੀਆਂ ਮੰਗਾਂ ਦੇ ਬੈਨਰ ਵੀ ਚੁੱਕੇ ਹੋਏ ਸਨ।