sangrami lehar

ਸੰਘ ਪਰਿਵਾਰ ਵਿਰੁੱਧ ਤਹਿਸੀਲ ਪੱਧਰੀ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ

  • 06/03/2018
  • 10:12 PM

ਅਜਨਾਲਾ- ਤਿ੍ਪੁਰਾ ਸੂਬੇ 'ਚ ਪਹਿਲੀ ਵੇਰਾਂ ਸੱਤਾ 'ਚ ਆਈ ਭਾਜਪਾ ਤੇ ਆਰ. ਐੱਸ. ਐੱਸ. ਸੰਘ ਪਰਿਵਾਰ ਵਲੋਂ ਬੀਤੇ ਕੱਲ੍ਹ ਬਹਿਲੋਨੀਆ ਸ਼ਹਿਰ 'ਚ ਲੱਗੇ ਲ਼ੈਨਿਨ ਦੇ ਬੁੱਤ ਨੂੰ ਜੇ. ਸੀ. ਬੀ. ਮਸ਼ੀਨਾਂ ਨਾਲ ਕਥਿਤ ਤੌਰ 'ਤੇ ਮਲੀਆਮੇਟ ਕੀਤੇ ਜਾਣ ਕਾਰਨ ਗੁੱਸੇ 'ਚ ਭਰੇ ਪੀਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਕਾਰਕੁੰਨਾਂ ਨੇ ਅੱਜ ਅਜਨਾਲਾ ਸ਼ਹਿਰ 'ਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਭਾਜਪਾ ਤੇ ਆਰ. ਐੱਸ. ਐੱਸ. ਸਮੇਤ ਸਮੁੱਚੇ ਸੰਘ ਪਰਿਵਾਰ ਵਿਰੁੱਧ ਤਹਿਸੀਲ ਪੱਧਰੀ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ | ਮੁਜ਼ਾਹਰਾਕਾਰੀਆਂ ਨੇ ਭਾਜਪਾ, ਸੰਘ ਪਰਿਵਾਰ ਤੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਤੋਂ ਪਹਿਲਾਂ ਸ਼ਹਿਰ 'ਚ ਪਾਰਟੀ ਦੇ ਤਹਿਸੀਲ ਪੱਧਰੀ ਦਫ਼ਤਰੀ ਕੰਪਲੈਕਸ ਵਿਖੇ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਤੇ ਕਾਮਰੇਡ ਵਿਰਸਾ ਸਿੰਘ ਟਪਿਆਲਾ ਦੀ ਅਗਵਾਈ 'ਚ ਕਰਵਾਈ ਗਈ ਪ੍ਰਭਾਵਸ਼ਾਲੀ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਪਾਰਟੀ ਕਾਰਕੁੰਨਾਂ ਸਮੇਤ ਹਮਦਰਦਾਂ ਤੇ ਸਮਰਥਕਾਂ ਨੂੰ ਕੇਂਦਰੀ ਮੋਦੀ ਸਰਕਾਰ ਦੀਆਂ ਫਾਸਿਸਟ, ਫਿਰਕਾਪ੍ਰਸਤ, ਖੱਬੇਪੱਖੀ ਮਾਰਕਸਵਾਦ ਤੇ ਲੈਨਿਨਵਾਦ ਵਿਚਾਰਧਾਰਾ ਨੂੰ ਭਾਰਤ 'ਚੋਂ ਖ਼ਤਮ ਕਰਨ ਤੇ ਤਿ੍ਪੁਰਾ 'ਚ ਲੈਨਿਨ ਦੇ ਬੁੱਤ ਨੂੰ ਨਸ਼ਟ ਕੀਤੇ ਜਾਣ ਦੀਆਂ ਕਾਰਵਾਈਆਂ ਨੂੰ ਚੁਣੌਤੀ ਵਜੋਂ ਲੈਂਦਿਆਂ ਅਜਿਹੀਆਂ ਗਤੀਵਿਧੀਆਂ ਦਾ ਰਾਜਸੀ ਤੇ ਜ਼ਮਹੂਰੀ ਤੌਰ 'ਤੇ ਮੂੰਹ ਭਵਾਉਣ ਲਈ ਪਾਰਟੀ ਦੇ ਝੰਡੇ ਹੇਠ ਫਿਰਕਾਪ੍ਰਸਤ ਤੇ ਫਾਸਿਸਟ ਤਾਕਤਾਂ ਵਿਰੁੱਧ ਲੜੇ ਜਾਣ ਵਾਲੇ ਸੰਘਰਸ਼ਾਂ ਲਈ ਲਾਮਬੰਦ ਹੋਣ | ਉਨ੍ਹਾਂ ਐਲਾਨ ਕੀਤਾ ਕਿ ਆਰ. ਐੱਮ. ਪੀ. ਆਈ. ਵਲੋਂ ਉਕਤ ਭੱਖਦੇ ਮੁੱਦੇ 'ਤੇ 14 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਾਰਟੀ ਦੀ ਸੂਬਾ ਪੱਧਰੀ ਕਨਵੈਨਸ਼ਨ ਬੁਲਾ ਲਈ ਗਈ ਹੈ, ਜਿਸ 'ਚ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕ ਕੇ ਐਲਾਨੀ ਜਾਵੇਗੀ | ਇਸ ਮੌਕੇ ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਰਜਿੰਦਰ ਸਿੰਘ ਭਲਾਪਿੰਡ, ਸੁੱਚਾ ਸਿੰਘ ਘੋਗਾ, ਗੁਰਭੇਜ ਸਿੰਘ ਮਾਕੋਵਾਲ, ਸ਼ੀਤਲ ਸਿੰਘ ਤਲਵੰਡੀ, ਦਲਬੀਰ ਸਿੰਘ ਬੱਲੜਵਾਲ, ਬੱਗਾ ਸਿੰਘ ਖਾਨਵਾਲ, ਬੂਰਾ ਸਿੰਘ, ਪ੍ਰਤਾਪ ਸਿੰਘ ਗੁੱਲਗੜ ਆਦਿ ਮੌਜੂਦ ਸਨ