sangrami lehar

ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਆਰੰਭੀ ਵਹਿਸ਼ੀ ਬੁਰਛਾਗਰਦੀ ਦੀ ਜ਼ੋਰਦਾਰ ਨਿਖੇਧੀ

  • 06/03/2018
  • 03:22 PM

ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਤਰੀਪੁਰਾ ਦੀਆਂ ਚੋਣਾਂ ਉਪਰੰਤ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਉਥੇ ਆਰੰਭ ਕੀਤੀ ਗਈ ਵਹਿਸ਼ੀ ਬੁਰਛਾਗਰਦੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਸੰਘ ਪਰਿਵਾਰ ਦੇ ਇਹਨਾਂ ਫਿਰਕੂ ਫਾਸ਼ੀਵਾਦੀ ਹਮਲਿਆਂ ਦਾ ਵਿਰੋਧ ਕਰਨ ਲਈ 14 ਮਾਰਚ ਨੂੰ ਜਲੰਧਰ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਕੇ ਲੋਕ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਏਥੇ ਪਾਰਟੀ ਦੇ ਸੂਬਾਈ ਸਕੱਤਰੇਤ ਵਲੋਂ ਪਾਰਟੀ ਦੇ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੀ ਇਸ ਮੀਟਿੰਗ ਵਿਚ ਸ਼ਾਮਲ ਸਨ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਤਰੀਪੁਰਾ ਵਿਚ ਚੋਣਾਂ ਜਿੱਤਣ ਉਪਰੰਤ ਭਾਜਪਾ ਤੇ ਸੰਘ ਪਰਵਾਰ ਦੇ ਕਾਰਕੁੰਨਾਂ ਵਲੋਂ ਵਿਰੋਧੀਆਂ ਉਪਰ ਕੀਤੇ ਜਾ ਰਹੇ ਜਾਨਲੇਵਾ ਹਮਲੇ ਅਤੇ ਮਹਾਨ ਲੈਨਿਨ ਦੇ ਬੁੱਤਾਂ ਨੂੰ ਢਾਅ ਦੇਣ ਵਰਗੀਆਂ ਸ਼ਰਮਨਾਕ ਕਰਤੂਤਾਂ ਦੇਸ਼ ਦੀਆਂ ਸਮੁੱਚੀਆਂ ਜਮਹੂਰੀਅਤ ਪਸੰਦ ਅਗਾਂਹਵਧੂ ਅਤੇ ਧਰਮ ਨਿਰਪੱਖ ਸ਼ਕਤੀਆਂ ਲਈ ਇਕ ਵੰਗਾਰ ਹਨ, ਇਹਨਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੰਤਵ ਲਈ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ 14 ਮਾਰਚ ਦੇ ਸੈਮੀਨਾਰ ਵਿਚ ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਸਮੂਹ ਲੋਕਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕੱਤਰੇਤ ਨੇ ਹਾਲ ਹੀ ਵਿਚ ਉਪਰੋਥਲੀ ਉਜਾਗਰ ਹੋਏ ਬਹੁਕਰੋੜੀ ਬੈਂਕ ਘੁਟਾਲਿਆਂ ਦੀ ਘੋਖ ਪੜਤਾਲ ਕਰਦਿਆਂ ਨੋਟ ਕੀਤਾ ਹੈ ਕਿ ਇਹਨਾਂ ਨੇ ਭਾਜਪਾ ਆਗੂਆਂ ਦੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਅਤੇ ਘੋਟਾਲੇਬਾਜ਼ਾਂ ਦੀ ਹਰ ਪੱਖ ਤੋਂ ਪੁਸ਼ਤ ਪਨਾਹੀ ਕਰਦੇ ਕਿਰਦਾਰ ਨੂੰ ਹੋਰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਉਕਤ ਘੋਟਾਲਿਆਂ 'ਤੇ ਸਖ਼ਤੀ ਨਾਲ ਕਾਬੂ ਪਾਉਂਦਿਆਂ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਣ ਦੀ ਥਾਂ ਮੋਦੀ ਸਰਕਾਰ ਵਲੋਂ ਉਲਟਾ ਸਗੋਂ ਕੌਮੀ ਬੈਂਕਾਂ ਦੇ ਮੁੜ ਤੋਂ ਨਿੱਜੀਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਭ੍ਰਿਸ਼ਟਾਚਾਰ ਸਮੇਤ ਲੋਕਾਂ ਦੀਆਂ ਹਰ ਕਿਸਮ ਦੀਆਂ ਮੁਸੀਬਤਾਂ, ਖਾਸਕਰ ਬੇਰੋਜ਼ਗਾਰੀ ਵਿਚ ਹੋਰ ਖਤਰਨਾਕ ਵਾਧਾ ਹੋਵੇਗਾ। ਇਸ ਸਰਕਾਰ ਦੇ ਅਜੇਹੇ ਏਕਾ ਅਧਿਕਾਰਵਾਦੀ ਕਦਮ ਦੇਸ਼ ਦੀ ਆਰਥਕ ਸਥਿਰਤਾ ਤੇ ਸਵੈ ਨਿਰਭਰਤਾ ਨੂੰ ਵੀ ਤਬਾਹ ਕਰ ਦੇਣਗੇ। ਸਕੱਤਰੇਤ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ ਦੇ ਮਿਹਨਤੀ ਲੋਕਾਂ ਦੇ ਸਮੁੱਚੇ ਭਾਗਾਂ ਦੀਆਂ ਨਿਆਂਈ ਮੰਗਾਂ ਪ੍ਰਤੀ ਅਪਰਾਧਕ ਘੇਸਲ ਵੱਟਣ ਅਤੇ ਲੋਕ ਘੋਲਾਂ ਨੂੰ ਦਬਾਉਣ ਲਈ ਕਾਲੇ ਕਾਨੂੰਨ ਲਾਗੂ ਕਰਨ ਉਪਰ ਵੀ ਗੰਭੀਰਤਾ ਸਹਿਤ ਵਿਚਾਰ ਕੀਤੀ। ਕਾਮਰੇਡ ਹਰਕੰਵਲ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਦੋਖੀ ਨਿਰਣਿਆਂ ਵਿਰੁੱਧ ਪਾਰਟੀ ਵਲੋਂ 23 ਤੋਂ 31 ਮਾਰਚ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਲੋਕ ਮੁਜ਼ਾਹਰੇ (People March) ਕੀਤੇ ਜਾਣਗੇ। ਇਸ ਲੋਕ ਹਿਤੂ ਮੁਹਿੰਮ ਦੀ ਸ਼ੁਰੂਆਤ 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਤੋਂ ਇਕ ਕਾਨਫਰੰਸ ਕਰਕੇ ਕੀਤੀ ਜਾਵੇਗੀ ਅਤੇ 26 ਮਾਰਚ ਨੂੰ ਪਟਿਆਲਾ-ਬਠਿੰਡਾ-ਪਠਾਨਕੋਟ, ਚੰਡੀਗੜ੍ਹ 27 ਮਾਰਚ ਨੂੰ ਅੰਮ੍ਰਿਤਸਰ-ਲੁਧਿਆਣਾ-ਫਰੀਦਕੋਟ-ਕਪੂਰਥਲਾ, 28 ਮਾਰਚ ਨੂੰ ਗੁਰਦਾਸਪੁਰ-ਤਰਨਤਾਰਨ-ਸੰਗਰੂਰ-ਫਾਜ਼ਿਲਕਾ, 29 ਮਾਰਚ ਨੂੰ ਮੋਗਾ-ਬਰਨਾਲਾ-ਰੋਪੜ-ਮੁਕਤਸਰ ਸਾਹਿਬ, 30 ਮਾਰਚ ਨੂੰ ਮਾਨਸਾ-ਨਵਾਂ ਸ਼ਹਿਰ-ਹੁਸ਼ਿਆਰਪੁਰ ਅਤੇ 31 ਮਾਰਚ ਨੂੰ ਜਲੰਧਰ-ਮੋਹਾਲੀ-ਫਿਰੋਜ਼ਪੁਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਮੁਜ਼ਾਹਰੇ ਤੈਅ ਕੀਤੇ ਗਏ ਹਨ। ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਸਰਵ ਸਾਥੀ ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਲਾਲ ਚੰਦ ਕਟਾਰੂਚੱਕ, ਭੀਮ ਸਿੰਘ ਆਲਮਪੁਰ, ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਰਵੀ ਕੰਵਰ ਅਤੇ ਵੇਦ ਪ੍ਰਕਾਸ਼ ਸ਼ਾਮਲ ਹੋਏ।