sangrami lehar

ਮੁਲਾਜ਼ਮਾਂ ਦੀ ਕੌਮੀ ਮੀਟਿੰਗ ਵਿੱਚ ਕੀਤਾ ਸੰਘਰਸ਼ ਦਾ ਐਲਾਨ

  • 28/02/2018
  • 05:56 PM

ਜਲੰਧਰ - ਕੇਂਦਰੀ ਮੁਲਾਜ਼ਮਾਂ ਦੀ ਕਨਫੈਡਰੇਸ਼ਨ ਅਤੇ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਵਿੱਖ ਵਿੱਚ ਦੇਸ਼ ਵਿਆਪੀ ਸਾਂਝਾ ਸੰਘਰਸ਼ ਲੜਨਗੇ। ਇਹ ਐਲਾਨ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਫ਼ਰੀਦਾਬਾਦ ਮੀਟਿੰਗ ਪਿੱਛੋਂ ਕੌਮੀ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਕੀਤਾ। ਦੇਸ਼ ਦੇ ਵੱਖ-ਵੱਖ ਰਾਜਾਂ ਆਂਧਰਾ ਪ੍ਰਦੇਸ਼, ਬਿਹਾਰ, ਤੇਲੰਗਾਨਾ, ਹਰਿਆਣਾ, ਜੰਮੂ-ਕਸ਼ਮੀਰ, ਕੇਰਲਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਚੰਡੀਗੜ੍ਹ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਕੋਈ 90 ਦੇ ਕਰੀਬ ਮੁਲਾਜ਼ਮ ਪ੍ਰਤੀਨਿਧਾਂ ਨੇ ਇਸ ਕੌਮੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਪੰਜਾਬ ਦੇ ਮੁਲਾਜ਼ਮਾਂ ਦੀ ਅਗਵਾਈ ਕੌਮੀ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਅਤੇ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕੀਤੀ। ਕੌਮੀ ਮੀਟਿੰਗ ਨੇ ਬੜੀ ਗਹਿਰਾਈ ਨਾਲ ਨੋਟ ਕੀਤਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੜੀ ਤੇਜ਼ੀ ਨਾਲ ਕਰਦੀਆਂ ਜਾ ਰਹੀਆਂ ਹਨ।ਸਮੁੱਚੇ ਸਰਕਾਰੀ ਵਿਭਾਗਾਂ ਅੰਦਰ ਨਵੀਆਂ ਨਿਯੁਕਤੀਆਂ ਪੂਰੇ ਗ੍ਰੇਡਾਂ ਵਿੱਚ ਕਰਨ ਦੀ ਥਾਂ ਕੰਟਰੈਕਟ, ਉੱਕਾ-ਪੁੱਕਾ, ਆਊਟ-ਸੋਰਸਿੰਗ, ਕੇਂਦਰੀ ਸਕੀਮਾਂ ਜਾਂ ਨਿਗੂਣੇ ਜਿਹੇ ਮਾਣ ਭੱਤੇ ਤੇ ਕੀਤੀਆਂ ਜਾ ਰਹੀਆਂ ਹਨ। ਵਿਭਾਗਾਂ ਕੋਲ ਰਹਿੰਦੇ ਸਰਕਾਰੀ ਕੰਮ ਵੀ ਹੁਣ ਠੇਕੇ ਤੇ ਦਿੱਤੇ ਜਾ ਰਹੇ ਹਨ। ਨਵੀਆਂ ਕਟੌਤੀਆਂ ਕਰਦੇ ਪੱਤਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਨਿੱਤ ਚੜ੍ਹਦੇ ਸੂਰਜ ਨਾਲ ਜਾਰੀ ਕੀਤੇ ਜਾ ਰਹੇ ਹਨ। ਇਹਨਾਂ ਹਾਕਮਾਂ ਵੱਲੋਂ ਪਹਿਲਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਮੁਲਾਜ਼ਮਾਂ ਕੋਲੋਂ ਖੋਹ ਲਈ ਗਈ ਹੈ ਅਤੇ ਹੁਣ ਦਹਾਕਿਆਂ ਦੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਟਰੇਡ ਯੂਨੀਅਨ ਅਧਿਕਾਰ ਖੋਹੇ ਜਾ ਰਹੇ ਹਨ। ਤਨਖ਼ਾਹ ਕਮਿਸ਼ਨ ਹਰ ਰਾਜ ਅਧੀਨ ਲੱਖਾਂ ਦੀ ਗਿਣਤੀ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾ ਹਾਲਤਾਂ ਬਾਰੇ ਚੁੱਪ ਹੈ। ਰੈਗੂਲਰ ਮੁਲਾਜ਼ਮਾਂ ਨੂੰ ਵੀ ਕੁਝ ਦੇਣ ਦੀ ਥਾਂ ਲਟਕਾਊ, ਡੰਗ-ਟਪਾਊ ਅਤੇ ਸੇਵਾ ਹਾਲਤਾਂ ਬਰਬਾਦ ਕਰਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।ਮੀਟਿੰਗ ਵਿੱਚ ਸਾਥੀ ਵੇਦ ਪ੍ਰਕਾਸ਼ ਵੱਲੋਂ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਪ.ਸ.ਸ.ਫ. ਵੱਲੋਂ ਮੁਲਾਜ਼ਮ ਮੰਗਾਂ ਲਈ ਸੰਘਰਸ਼ ਆਰੰਭ ਕੀਤਾ ਗਿਆ ਹੈ। ਬਲਾਕ, ਜ਼ਿਲ੍ਹਾ ਪੱਧਰੀ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਰਤੀ ਵਰਗ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਲਈ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਸੂਬੇ ਅੰਦਰ 5 ਦਰਜਨ ਤੋਂ ਵੱਧ ਜਥੇਬੰਦੀਆਂ ਦੇ ਮੋਰਚੇ ਦਾ ਵੀ ਪ.ਸ.ਸ.ਫ. ਅੰਗ ਬਣੀ ਹੈ।ਆਲ ਇੰਡੀਆ ਵੱਲੋਂ ਉਲੀਕੇ ਗਏ ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਸਾਥੀ ਤੀਰਥ ਬਾਸੀ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਸਬੰਧੀ ਆਲ ਇੰਡੀਆ ਵੱਲੋਂ ਉਲੀਕੇ ਸੰਘਰਸ਼ ਤਹਿਤ ਦਸਤਖ਼ਤ ਮੁਹਿੰਮ ਚਲਾ ਕੇ ਇਸ ਦਸਤਾਵੇਜ਼ ਪੂਰੇ ਦੇਸ਼ ਅੰਦਰ ਮਿਤੀ 27 ਮਾਰਚ ਨੂੰ ਜ਼ਿਲ੍ਹਾ ਪੱਧਰੀ ਰੈਲੀਆਂ ਕਰਨ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ।ਉਨ੍ਹਾਂ ਕਿਹਾ ਕਿ ਉਪਰੋਕਤ ਮੁੱਦਿਆਂ ਤੇ ਮਿਤੀ 5 ਤੋਂ 8 ਅਪ੍ਰੈਲ ਤੱਕ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ 16ਵੀਂ ਕੌਮੀ ਕਾਨਫ਼ਰੰਸ ਕੀਤੀ ਜਾ ਰਹੀ ਹੈ ਪ.ਸ.ਸ.ਫ. ਵੱਲੋਂ 45 ਡੈਲੀਗੇਟਾਂ ਸਹਿਤ ਸਮੁੱਚੇ ਰਾਜਾਂ ਅਤੇ 9 ਕੇਂਦਰੀ ਸ਼ਾਸਕ ਪ੍ਰਦੇਸ਼ਾਂ ਕੇ ਕੋਈ 1147 ਡੈਲੀਗੇਟ ਸ਼ਾਮਿਲ ਹੋ ਰਹੇ ਹਨ। ਇਸ ਕਾਨਫ਼ਰੰਸ ਨੂੰ ਕੇਂਦਰੀ ਮੁਲਾਜ਼ਮਾਂ ਦੇ ਕੌਮੀ ਪ੍ਰਤੀਨਿਧਾਂ ਤੋਂ ਇਲਾਵਾ ਬੰਗਲਾ ਦੇਸ਼, ਨੇਪਾਲ, ਪਾਕਿਸਤਾਨ, ਸਾਊਥ ਅਫ਼ਰੀਕਾ ਤੋਂ ਅੰਤਰ-ਰਾਸ਼ਟਰੀ ਮੁਲਾਜ਼ਮ ਸੰਗਠਨਾਂ ਦੇ ਪ੍ਰਤੀਨਿਧ ਸੰਬੋਧਨ ਕਰਨਗੇ।

ਵਟਸਐਪ 'ਤੇ 'ਸੰਗਰਾਮੀ ਲਹਿਰ ਡਾਟ ਕਾਮ' ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਵਟਸਐਪ 'ਤੇ ਭੇਜੋ ਜੀ।