sangrami lehar

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਫਿਲੌਰ ਵੱਲੋਂ ਵਿਧਾਇਕ ਬਲਦੇਵ ਖਹਿਰਾ ਨੂੰ ਮੁਲਾਜ਼ਮ ਮੰਗਾਂ ਵਿਧਾਨ ਸਭਾ ਵਿਚ ਉਠਾਉਣ ਲਈ ਮੰਗ ਪੱਤਰ

  • 22/02/2018
  • 07:57 PM

ਫਿਲੌਰ - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਵਿਧਾਨ ਸਭਾ ਦੇ ਅਗਾਮੀ ਸੈਸ਼ਨ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਉਠਾਉਣ ਲਈ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਦੀ ਕੜੀ ਵਜੋਂ ਪਸਸਫ ਤਹਿਸੀਲ ਫਿਲੌਰ ਦੇ ਆਗੂਆਂ ਵੱਲੋਂ ਇਕ ਮੰਗ ਪੱਤਰ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਨੂੰ ਦਿੱਤਾ ਗਿਆ ਜਿਸ ਦੀ ਅਗਵਾਈ ਪਸਸਫ ਦੇ ਤਹਿਸੀਲ ਪ੍ਰਧਾਨ ਜਸਵੀਰ ਨਗਰ ਨੇ ਕੀਤੀ। ਇਸ ਸਮੇਂ ਫੈਡਰੇਸ਼ਨ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ ਨੇ ਮੰਗ ਪੱਤਰ ਵਿਚ ਦਰਜ਼ ਮੰਗਾਂ ਬਾਰੇ ਕਿਹਾ ਕਿ ਸਰਕਾਰ ਪੰਜਾਬ ਵਿਚ ਕੰਮ ਕਰਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਇੰਪਲਾਈਜ਼ ਵੈੱਲਫੇਅਰ ਐਕਟ 2016 ਅਧੀਨ ਤੁਰੰਤ ਪੱਕਾ ਕੀਤਾ ਜਾਵੇ ਅਤੇ ਇਸ ਐਕਟ ਵਿਚ ਲਾਈਆਂ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖ਼ਾਹ ਦੇ ਘੇਰੇ ਵਿਚ ਲਿਆਂਦਾ ਜਾਵੇ, 01-01-2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਕਿਰਤੀ ਵਰਗ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਲਿਆਂਦੇ ਜਾ ਰਹੇ ਕਾਲੇ ਕਾਨੂੰਨ, ਪਕੋਕਾ ਨੂੰ ਤੁਰੰਤ ਰੱਦ ਕੀਤਾ ਜਾਵੇ, ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਪਸਸਫ ਵੱਲੋਂ ਭੇਜੀਆਂ ਸੁਝਾਵਾਂ ਤੇ ਗ਼ੌਰ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ 2017 ਤੋਂ ਬਕਾਇਆ ਕਿਸਤਾ ਜਾਰੀ ਕੀਤੀਆਂ ਜਾਣ, ਸਾਰੇ ਮੁਲਾਜ਼ਮਾਂ ਨੂੰ ਤਨਖ਼ਾਹ ਹਰ ਮਹੀਨੇ ਸਮੇਂ ਸਿਰ ਦਿੱਤੀ ਜਾਵੇ, ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ੈਸਲਾ ਲਾਗੂ ਕੀਤਾ ਜਾਵੇ, ਹੈਲਥ ਕੈਸ਼ਲੈੱਸ ਸਕੀਮ ਨੂੰ ਤਰੁੱਟੀਆਂ ਦੂਰ ਕਰਕੇ ਲਾਗੂ ਕੀਤਾ ਜਾਵੇ, ਸਾਰੇ ਵਿਭਾਗਾਂ ਦੀਆ ਖ਼ਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਖ਼ਜ਼ਾਨੇ ਤੇ ਲਾਈਆਂ ਜ਼ੁਬਾਨੀ ਪਾਬੰਦੀਆਂ ਨੂੰ ਹਟਾਇਆਂ ਜਾਵੇ। ਇਸ ਸਮੇਂ ਹਲਕਾ ਫਿਲੌਰ ਦੇ ਵਿਧਾਇਕ ਖਹਿਰਾ ਨੇ ਵਫ਼ਦ ਨੂੰ ਯਕੀਨ ਦਵਾਇਆ ਕਿ ਉਹ ਮੁਲਾਜ਼ਮਾਂ ਦੀਆ ਮੰਗਾਂ ਪ੍ਰਤੀ ਸਵਾਲ ਵਿਧਾਨ ਸਭਾ ਵਿਚ ਜ਼ਰੂਰ ਰੱਖਣਗੇ। ਇਸ ਸਮੇਂ ਵਫ਼ਦ ਵਿਚ ਕਰਨੈਲ ਫਿਲੌਰ, ਬੂਟਾ ਰਾਮ, ਅੰਗਰੇਜ਼ ਸਿੰਘ, ਲੇਖਰਾਜ ਪੰਜਾਬੀ, ਭਜਨ ਸਿੰਘ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਸ਼ਾਮ ਬਹਾਦਰ, ਹਰੀ ਚੰਦ ਯਾਦਵ ਆਦਿ ਹਾਜ਼ਰ ਸਨ।